ਪੰਜ ਨਦੀਆਂ ਦੇ ਵਾਰਿਸ ਹੁਣ ਬੀਆਬਾਨਾਂ ਦੇ ਸ਼ਾਹ

10 Jan 2016
0 mins read

ਪੰਜਾਬ ਦੇ ਪਾਣੀ ਦੇ ਨਾਲ ਸਾਡੇ ਲੋਕ ਜੀਵਨ ਦੇ ਕਿੰਨੇ ਨਿੱਤਨੇਮ ਜੁੜੇ ਸਨ, ਖੂਹ, ਤਾਲਾਬ, ਸਰੋਵਰ, ਬਾਓਲੀਆਂ ਕਿੰਨੇ ਸੋਹਣੇ ਰੂਪਾਂ ਵਿੱਚ ਸਾਡੇ ਲੋਕ ਜੀਵਨ ਦੀ ਧੜਕਣ ਸਨ। ਉਹ ਰੰਗਤਾਂ ਭਰੇ ਦਿਨ, ਜਦੋਂ ਜਲ ਸੋਮਿਆਂ ਦੀ ਪੂਜਾ ਕੀਤੀ ਜਾਂਦੀ ਸੀ, ਮੱਸਿਆ ਦੇ ਗ੍ਰਹਿਣ ਸਮੇਂ ਪਾਣੀ ਵਿੱਚ ਇਸ਼ਨਾਨ ਮਹਾਤਮ ਦਿੱਤਾ ਜਾਂਦਾ ਸੀ, ਦੀਵਾਲੀ ਨੂੰ ਨਦੀਆਂ ਦੇ ਕੰਢੇ ਦੀਵੇ ਬਾਲ ਕੇ ਰੱਖੇ ਜਾਂਦੇ ਸਨ ਤਾਂ ਜੋ ਪੰਜਾਂ ਤੱਤਾਂ ਵਿੱਚ ਜੀਵਨ ਜੋਤ ਬਲਦੀ ਰਹੇ, ਨਾ ਕਿਸੇ ਦੇ ਮਨ ਵਿੱਚ, ਨਾ ਹੀ ਬਾਹਰ ਹਨੇਰਾ ਰਹੇ। ਕੋਈ ਪਿਆਸਾ, ਕੋਈ ਭੁੱਖਾ ਨਾ ਰਹੇ, ਸਭ ਦਾ ਮੰਗਲ ਹੋਵੇ। ਇਹੋ ਸਭ ਲੱਭਣ ਦੀ ਕੋਸ਼ਿਸ਼ ਕਰਦਾ।

ਇਹ ਗੱਲ 1993 ਦੀ ਹੈ। ਉਦੋਂ ਹਿੰਦੀ ਅਖ਼ਬਾਰ 'ਜਨਸੱਤਾ' ਚੰਡੀਗੜ੍ਹ ਤੋਂ ਵੀ ਨਿੱਕਲਦਾ ਸੀ ਅਤੇ ਉਸਦੇ ਸੰਪਾਦਕ ਸ਼੍ਰੀ ਪ੍ਰਭਾਸ਼ ਜੋਸ਼ੀ ਆਪਣੇ ਪ੍ਰਸਿੱਧ ਐਤਵਾਰੀ ਕਾਲਮ 'ਕਾਗਦ ਕਾਰੇ' ਵਿੱਚ ਭਾਰਤੀ ਲੋਕ ਜੀਵਨ ਦੀਆਂ ਨਿੱਘੀਆਂ ਪ੍ਰੰਪਰਾਵਾਂ ਬਾਰੇ ਬੜੀ ਸ਼ਿੱਦਤ ਨਾਲ਼ ਲਿਖਿਆ ਕਰਦੇ ਸਨ। 17 ਅਕਤੂਬਰ, 1993 ਦੇ 'ਕਾਗਦ ਕਾਰੇ' ਕਾਲਮ ਵਿੱਚ ਉਨ੍ਹਾਂ ਨੇ 'ਆਜ ਭੀ ਖਰੇ ਹੈਂ ਤਾਲਾਬ' ਪੁਸਤਕ ਦੀ ਸਮੀਖਿਆ ਅਤੇ ਪੁਸਤਕ ਦੇ ਲੇਖਕ ਸ਼੍ਰੀ ਅਨੁਪਮ ਮਿਸ਼ਰ ਬਾਰੇ ਇੱਕ ਲੇਖ 'ਪਰਿਆਵਰਣ ਕਾ ਯਹ ਅਨੁਪਮ ਆਦਮੀ' ਲਿਖਿਆ। ਲੇਖ ਮਨ ਦੀ ਨਿੱਕੀ ਜਿਹੀ ਖੂਹੀ ਵਿੱਚ ਨਿਰਮਲ ਜਲ ਵਾਂਗ ਠਹਿਰ ਗਿਆ। ਅਨੁਪਮ ਜੀ ਨੂੰ ਚਿੱਠੀ ਲਿਖੀ। ਉਸੇ ਹਫ਼ਤੇ ਉੱਤਰ ਸਹਿਤ ਪੁਸਤਕ ਘਰ ਪਹੁੰਚ ਗਈ। ਜਿਵੇਂ-ਜਿਵੇਂ ਪੁਸਤਕ ਪੜ੍ਹਦਾ ਗਿਆ, ਕੋਈ ਦੈਵੀ ਬਾਣੀ ਨਾ ਸਿਰਫ਼ ਮਨ ਦੀਆਂ ਸੁੱਤੀਆਂ ਕਲਾਂ ਜਗਾਉਂਦੀ ਗਈ, ਬਲਕਿ ਜ਼ਿੰਦਗੀ ਦੇ ਕਰਮ ਅਤੇ ਸ੍ਵੈਧਰਮ ਨੂੰ ਵੀ ਸਮਝਾਉਂਦੀ ਚਲੀ ਗਈ। ਇੱਕ ਵਾਰ ਤਾਂ ਅੰਦਰੋਂ-ਬਾਹਰੋਂ ਸਭ ਕੁੱਝ ਹੇਠ-ਉੱਤੇ ਹੋ ਗਿਆ। ਰੋਜ਼ੀ-ਰੋਟੀ ਦਾ ਸੰਘਰਸ਼ ਤਾਂ ਵੱਖਰਾ ਸੀ ਹੀ। ਅਜਿਹੀ ਉਥਲ-ਪੁਥਲ ਦੇ ਸਮੇਂ ਵਿੱਚ ਹੀ ਦਿੱਲੀ ਜਾਣ ਅਤੇ ਅਨੁਪਮ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਬੱਸ! ਜਿਵੇਂ ਬੇ-ਅਰਥੇ ਜੀਵਨ ਨੂੰ ਤੁਰਨ ਲਈ ਪਗਡੰਡੀ ਮਿਲ ਗਈ। ਵਾਪਿਸ ਮਾਲੇਰ-ਕੋਟਲਾ ਆਉਂਦਿਆਂ (ਉਨ੍ਹੀਂ ਦਿਨੀਂ ਅਸੀਂ ਆਪਣੇ ਜੱਦੀ ਸ਼ਹਿਰ ਮਾਲੇਰ-ਕੋਟਲਾ ਰਹਿੰਦੇ ਸੀ) ਬਸ ਵਿੱਚ ਬੈਠੇ-ਬੈਠੇ ਪਾਣੀ ਨਾਲ ਜੁੜੀਆਂ ਯਾਦਾਂ ਦੇ ਅਨੇਕ ਸਫ਼ੇ ਖੁੱਲ੍ਹਦੇ ਚਲੇ ਗਏ....

ਪਿਤਾ ਜੀ ਕਿਉਂ ਨਹਾਉਂਦੇ ਸਮੇਂ 'ਜਲ ਮਿਲਿਆ ਪਰਮੇਸ਼ਰ ਮਿਲਿਆ, ਮਨ ਦੀ ਟਲੀ ਬਲਾ' ਕਹਿੰਦੇ ਸਨ, ਬੀਜੀ ਕਿਉਂ ਤਿਉਹਾਰਾਂ ਦੇ ਦਿਨੀਂ ਪਾਣੀ ਵਿੱਚ ਬਲਦੇ ਦੀਵੇ ਛੱਡਣ ਲਈ ਆਖਦੇ ਸਨ, ਕਿਉਂ ਜਮਾਲਪੁਰਾ ਵਿਖੇ, ਸਾਡੇ ਘਰ ਦੇ ਕੋਲ ਪੁਰਾਣੇ ਟੋਭੇ ਵਿੱਚ ਮੱਛੀਆਂ ਲਈ ਆਟੇ ਦੀਆਂ ਗੋਲੀਆਂ ਪਾਉਣ ਲਈ ਕਹਿੰਦੇ ਸਨ, ਕਿਉਂ ਦੁਸਹਿਰੇ ਦੀ ਪੂਜਾ ਦੇ ਦਿਨ ਵਗਦੇ ਪਾਣੀ ਵਿੱਚ ਜੌਂ ਤਾਰਨ ਲਈ ਆਖਦੇ ਸਨ, ਕਿਉਂ ਰੋਜ਼ ਸਵੇਰੇ ਮੈਨੂੰ ਸਕੂਲੇ ਜਾਣ ਤੋਂ ਪਹਿਲਾਂ ਛੱਤ 'ਤੇ ਪੰਛੀਆਂ ਲਈ ਰੱਖੇ ਠੂਠੇ ਦਾ ਪਾਣੀ ਬਦਲਣ ਲਈ ਕਹਿੰਦੇ ਸਨ, ਕਿਉਂਕਿ ਜਲ ਨਾਲ ਹੀ ਜੀਵਨ ਜੋਤ ਬਲਦੀ ਹੈ। ਅਜਿਹੀਆਂ ਗਹਿਰੀਆਂ ਆਸਥਾਵਾਂ ਨਾਲ ਜੁੜੇ ਯਾਦਾਂ ਦੇ ਅਨੇਕ ਸਫ਼ੇ ਖੁੱਲ੍ਹਦੇ ਚਲੇ ਗਏ .... ਲੇਕਿਨ ਅਚਾਨਕ ਬਚਪਨ ਦੀਆਂ ਯਾਦਾਂ ਨਾਲ ਜੁੜੇ ਅਜਿਹੇ ਹੀ ਇੱਕ ਸਫ਼ੇ ਉੱਤੇ ਆਤਮਾ ਠਹਿਰ ਗਈ ....

ਗੱਲ ਬਚਪਨ ਦੀ ਯਾਨੀ ਤੀਹ-ਬੱਤੀ ਸਾਲ ਪੁਰਾਣੀ ਹੈ। ਉਨ੍ਹਾਂ ਭਲੇ ਵਕਤਾਂ ਵਿੱਚ ਬੱਚੇ ਗਰਮੀ ਦੀਆਂ ਛੁੱਟੀਆਂ ਮਨਾਉਣ ਆਪਣੇ ਨਾਨਕੇ ਜਾਇਆ ਕਰਦੇ ਸਨ। ਮੈਂ ਵੀ ਆਪਣੇ ਨਾਨਕੇ ਪਿੰਡ ਪਾਇਲ (ਜ਼ਿਲ੍ਹਾ ਲੁਧਿਆਣਾ) ਗਿਆ ਹੋਇਆ ਸੀ। ਚੁਹੱਟੇ ਮੁਹੱਲੇ ਵਿੱਚ ਨਾਨਾ ਜੀ ਦਾ ਘਰ ਸੀ, ਹੁਣ ਵੀ ਹੈ। ਨਾਨਾ ਜੀ ਲੱਕੜੀ ਦੇ ਕਿਸੇ ਕੰਮ ਵਿੱਚ ਮਸ਼ਗੂਲ ਸਨ। ਉਸ ਦਿਨ ਵੀ ਨਾਨਾ ਜੀ ਆਪਣੇ ਕੋਲ ਬੈਠੇ ਇੱਕ ਬਜ਼ੁਰਗ ਦਾ ਕੋਈ ਕੰਮ ਕਰ ਰਹੇ ਸਨ। ਕੋਲ ਹੀ ਸਾਰੇ ਮੁਹੱਲੇ ਦੇ ਬੱਚੇ ਬੰਟੇ ਖੇਡ ਰਹੇ ਸਨ। ਮੈਂ ਵੀ ਆਪਣੀ ਵਾਰੀ ਦੀ ਉਡੀਕ ਵਿੱਚ ਨਾਨਾ ਜੀ ਦੇ ਕੋਲ ਹੀ ਬੈਠਾ ਸੀ। ਮੈਨੂੰ ਯਾਦ ਹੈ ਲਿਸ਼ਕਦੀਆਂ ਅੱਖਾਂ ਵਾਲੇ ਉਹ ਬਜ਼ੁਰਗ ਨਾਨਾ ਜੀ ਨੂੰ ਆਪਣੇ ਉਸ ਪੁੱਤਰ ਬਾਰੇ ਦੱਸ ਰਹੇ ਸਨ, ਜਿਸਦੀ ਸ਼ਾਇਦ ਕਿਸੇ ਉੱਚੇ ਅਹੁਦੇ ਵਾਲੀ ਨੌਕਰੀ ਨਵੀਂ-ਨਵੀਂ ਲੱਗੀ ਸੀ। ਬੰਟੇ ਖੇਡਦੇ ਬੱਚਿਆਂ ਦੇ ਰੌਲੇ ਵਿੱਚ ਵੀ ਮੈਨੂੰ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਸੁਆਦ ਆਉਣ ਲੱਗਾ। ਬਾਬਾ ਜੀ ਕਹਿ ਰਹੇ ਸਨ, ''ਨੰਦ ਰਾਮਾਂ! ਮੇਰੇ ਘਰ ਸੱਤ ਪੁੱਤ ਜੰਮੇ, ਪਰ ਕੋਈ ਬਚਦਾ ਹੀ ਨਹੀਂ ਸੀ, ਸਾਰੇ ਬਹੁਤ ਦੁਖੀ ਸਨ। ਸਭ ਜਗ੍ਹਾ ਮੱਥਾ ਟੇਕ ਆਏ, ਪਰ ਹਰ ਵਾਰ ਖ਼ੁਸ਼ੀ ਦੀ ਕਿਲਕਾਰੀ ਦੀ ਥਾਂ ਘਰ ਦੇ ਅੰਦਰੋਂ ਮੌਤ ਦੀ ਚੀਕ ਹੀ ਬਾਹਰ ਆਉਂਦੀ ਸੀ। ਮੈਂ ਹਾਰ ਗਿਆ ਸੀ, ਟੁੱਟ ਗਿਆ ਸੀ, ਪਤਾ ਨਹੀਂ ਸਾਡੀ ਦੇਹਲੀ ਉੱਤੇ ਵੀ ਕੋਈ ਦੀਵਾ ਬਾਲਣ ਵਾਲਾ ਹੋਵੇਗਾ ਜਾਂ ਨਹੀਂ।'' ਥੋੜ੍ਹੀ ਦੇਰ ਦੀ ਚੁੱਪੀ ਤੋਂ ਬਾਅਦ ਬਾਬਾ ਜੀ ਫੇਰ ਬੋਲੇ,''ਨੰਦ ਰਾਮਾਂ, ਇੱਕ ਦਿਨ ਤੜਕੇ-ਸਾਝਰੇ, ਬ੍ਰਹਮ ਬੇਲਾ ਵਿੱਚ, ਮੈਂ ਖੇਤਾਂ ਵਿੱਚ ਜਾਂਦੇ-ਜਾਂਦੇ ਆਪਣੇ ਪਿੰਡ ਦੇ ਚੌਰਾਹੇ ਦੀ ਤ੍ਰਿਵੈਣੀ ਹੇਠ ਬਣੇ ਚਬੂਤਰੇ ਉੱਤੇ ਬੈਠ ਗਿਆ, ਚੜ੍ਹਦੇ ਸੂਰਜ ਦੇ ਚਾਨਣੇ ਵੱਲ ਵੇਖਦਿਆਂ ਮਨ ਹੀ ਮਨ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗਾ, ਹੇ ਸੱਚੇ ਪਾਤਸ਼ਾਹ! ਜੇਕਰ ਇਸ ਵਾਰ ਤੂੰ ਮੇਰੇ ਘਰ ਆਉਣ ਵਾਲੇ ਜੀਅ ਦੀ ਜ਼ਿੰਦਗੀ ਬਖ਼ਸ਼ ਦੇਵੇਂ ਤਾਂ ਮੈਂ ਪਿੰਡ ਦੇ ਸਾਰੇ ਚੌਰਾਹਿਆਂ ਉੱਤੇ ਤ੍ਰਿਵੈਣੀਆਂ (ਨਿੰਮ, ਪਿੱਪਲ, ਬਰੋਟੇ) ਲਗਵਾਵਾਂਗਾ ਅਤੇ ਪਿੰਡ ਦੇ ਮੰਦਰ ਦੀ ਬਾਓਲੀ, ਗੁਰਦੁਆਰੇ ਦਾ ਸਰੋਵਰ ਅਤੇ ਸ਼ਮਸ਼ਾਨ ਵਾਲਾ ਘਾਟ ਸਾਫ਼ ਕਰਵਾਵਾਂਗਾ। ....ਨੰਦ ਰਾਮਾਂ, ਔਹ ਵੇਖ, ਔਹ, ਤ੍ਰਿਵੈਣੀ ਉਹੀ ਹੈ ਜਿਹੜੀ ਕਾਕੇ ਦੇ ਜੰਮਣ 'ਤੇ ਮੈਂ ਆਪਣੇ ਹੱਥਾਂ ਨਾਲ, ਪਰਮਪਿਤਾ ਦਾ ਧੰਨਵਾਦ ਕਰਦਿਆਂ ਲਗਾਈ ਸੀ। ਵਾਹਿਗੁਰੂ ਮੇਰੇ ਕਾਕੇ ਨੂੰ ਉਸ ਤ੍ਰਿਵੈਣੀ ਦੀ ਉਮਰ ਅਤੇ ਉਸ ਤ੍ਰਿਵੈਣੀ ਨੂੰ ਮੇਰੇ ਕਾਕੇ ਦੀ ਉਮਰ ਬਖ਼ਸ਼ੇ।''

ਮੈਨੂੰ ਅੱਜ ਵੀ ਬਾਬਾ ਜੀ ਦੀ ਅੱਖਾਂ ਦੀ ਉਹ ਲਿਸ਼ਕ ਯਾਦ ਹੈ। ਯਾਦਾਂ ਦੇ ਇਸ ਪਵਿੱਤਰ ਆਲਮ ਵਿੱਚ ਮੈਨੂੰ ਅਨੁਪਮ ਜੀ ਦੀ ਇਸੇ ਪੁਸਤਕ ਨੇ ਪਹੁੰਚਾਇਆ ਸੀ। ਬਸ ਵਿੱਚ ਬੈਠਾ ਮੈਂ ਸੋਚ ਰਿਹਾ ਸੀ,''ਅੱਜ ਜਦੋਂ ਚਾਰੋ ਪਾਸੇ ਧਰਮਾਂ, ਧਾਰਮਿਕ ਆਗੂਆਂ ਅਤੇ ਧਾਰਮਿਕ ਲੋਕਾਂ ਦਾ ਅਫ਼ਾਰਾ ਹੈ, ਕੀ ਕਿਸੇ ਕੋਲ ਵੀ ਮੇਰੇ ਨਾਨਕੇ ਵਾਲੇ ਬਾਬੇ ਜਿਹੀ ਕੋਈ ਅਰਦਾਸ, ਕੋਈ ਦੁਆ, ਕੋਈ ਪ੍ਰਾਰਥਨਾ ਬਚੀ ਹੈ, ਜਿਸਨੂੰ ਆਉਣ ਵਾਲੀਆਂ ਨਸਲਾਂ ਦੇ ਸੁਰੱਖਿਅਤ ਜੀਵਨ ਹਿੱਤ ਬੀਜਿਆ ਜਾ ਸਕੇ, ਤਾਂ ਜੋ ਆਉਣ ਵਾਲੀਆਂ ਨਸਲਾਂ ਸਾਡੀਆਂ ਬੀਜੀਆਂ ਨੇਕੀਆਂ ਦੀਆਂ ਕੁੱਝ ਫ਼ਸਲਾਂ ਦਾ ਆਨੰਦ ਮਾਣ ਸਕਣ। ਸਾਡਾ ਅੱਜ ਦਾ ਜੀਵਨ ਸਾਡੇ ਪੁਰਖਿਆਂ ਦੀਆਂ ਬੀਜੀਆਂ ਦੁਆਵਾਂ ਦੇ ਸਦਕੇ ਹੀ ਤਾਂ ਹੈ। ਕੀ ਅੱਜ ਸੱਚਮੁਚ ਸਾਡੇ ਅਖੌਤੀ ਧਾਰਮਿਕ ਆਗੂ, ਡੇਰਿਆਂ, ਜ਼ਮੀਨਾਂ, ਜਾਇਦਾਦਾਂ ਦੀ ਰਿਲੇਅ ਰੇਸ ਖੇਡਦੇ ਸਾਡੇ ਸੰਤ-ਮਹੰਤ, ਮੌਲਵੀ, ਪਾਦਰੀ ਅਜਿਹੀਆਂ ਕੁੱਝ ਅਰਦਾਸਾਂ ਕਰਦੇ ਹੋਣਗੇ, ਜਿਨ੍ਹਾਂ ਨਾਲ ਸਭ ਨੂੰ ਛਾਂ ਮਿਲ ਸਕੇ, ਸਭ ਦੀ ਪਿਆਸ ਬੁਝ ਸਕੇ? ਸ਼ਾਇਦ ਨਹੀਂ।

ਮਨ ਨੂੰ ਤੁਰਨ ਲਈ ਪਹੀ ਮਿਲ ਹੀ ਚੁੱਕੀ ਸੀ, ਮਨ-ਲਹਿਰਾਂ ਉੱਤੇ ਸੈਂਕੜੇ ਪ੍ਰਸ਼ਨ ਉੱਭਰਦੇ, ਮਿਟ ਜਾਂਦੇ ... ਦਿਨ ਬੀਤਦੇ ਗਏ ... ਬੀਤਦੇ ਗਏ। ਕਿਤਾਬ ਕਈ ਵਾਰ ਪੜ੍ਹ ਚੁੱਕਾ ਸੀ। ਆਪਣੇ ਆਲੇ-ਦੁਆਲੇ ਪੁਰਾਣੇ ਸੜਦੇ ਟੋਭੇ ਵੇਖਦਾ, ਰੁਤਬਾ ਗੁਆ ਚੁੱਕੇ ਪੁਰਾਣੇ ਬਜ਼ੁਰਗਾਂ ਜਿਹੇ ਦਰੱਖ਼ਤਾਂ ਦੀਆਂ ਯਾਦਾਂ ਵੇਖਦਾ, ਆਪਣੇ ਸ਼ਹਿਰ ਮਾਲੇਰ-ਕੋਟਲਾ ਦੀ ਠੰਢੀ ਸੜਕ (ਜਿਹੜੀ ਫੈਕਟਰੀਆਂ ਬਣਨ ਕਾਰਨ ਹੁਣ ਸ਼ਹਿਰ ਦੀ ਸਭ ਤੋਂ ਵੱਧ ਤੱਤੀ ਸੜਕ ਬਣ ਚੁੱਕੀ ਸੀ) ਦੀਆਂ ਠੰਢੀਆਂ ਯਾਦਾਂ ਨੂੰ ਮਹਿਸੂਸ ਕਰਦਾ, ਸੜਕ ਦੇ ਕਿਨਾਰੇ ਵਿਕਾਸ ਦੀਆਂ ਚਿਮਨੀਆਂ 'ਚੋਂ ਨਿੱਕਲਦੇ ਕਾਲੇ ਧੂੰਏਂ ਨਾਲ ਕਾਲੀਆਂ ਹੋਈਆਂ ਜਾਮੁਣਾਂ ਦੀਆਂ ਟਾਹਣੀਆਂ ਵੇਖਦਾ, ਕੁੱਝ ਹੋਰ ਪੁਰਾਣੇ ਵੈਰਾਗੇ ਹੋਏ ਦਰੱਖ਼ਤ ਵੇਖ ਮਨ ਹੀ ਮਨ ਉਦਾਸ ਹੁੰਦਾ, ਪਤਾ ਨਹੀਂ ਇਹ ਬੇਢਬਾ ਅੰਨ੍ਹਾ ਵਿਕਾਸ ਸਾਨੂੰ ਕਿਹੜੇ ਖੂੰਜੇ ਲਿਜਾ ਕੇ ਸੁੱਟੇਗਾ! ਪ੍ਰਾਚੀਨ ਜਲ ਸੋਮਿਆਂ ਬਾਰੇ, ਵਾਤਾਵਰਣ ਬਾਰੇ ਕੁੱਝ ਸਾਹਿਤ ਲੱਭਣ ਦੀ ਕੋਸ਼ਿਸ਼ ਕਰਦਾ, ਕੁੱਝ ਦੋਸਤਾਂ, ਕੁੱਝ ਬਜ਼ੁਰਗਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ, ਪਰ ਜ਼ਿਆਦਾਤਰ ਨਿਰਾਸ਼ਾ ਹੀ ਹੱਥ ਲਗਦੀ। ਇੰਝ ਲਗਦਾ ਜਿਵੇਂ ਖੂਹ ਤਾਂ ਗਏ ਹੀ ਗਏ, ਨੇਕੀਆਂ ਤੋਂ ਵੀ ਅਸੀਂ ਸਭ ਨੇ ਹੱਥ ਝਾੜ ਲਏ ਹੋਣ। ਵੱਡੇ ਭਰਾ ਵਰਗੇ ਖ਼ਾਲਿਦ ਕਿਫ਼ਾਇਤ ਸਾਹਿਬ ਤੋਂ ਇੱਕ ਵਾਰ ਪੁੱਛਣ 'ਤੇ ਪਤਾ ਲੱਗਿਆ ਸੀ ਕਿ ਮਾਲੇਰ-ਕੋਟਲਾ ਸ਼ਹਿਰ ਦੀਆਂ ਰਵਾਇਤਾਂ ਵਿੱਚ ਨਵਾਬ ਮਾਲੇਰ-ਕੋਟਲਾ ਨੇ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ 'ਤੇ ਸੱਤ ਖੂਹ ਪੁਟਵਾਏ ਸਨ ਅਤੇ ਉਨ੍ਹਾਂ ਖੂਹਾਂ ਵਿੱਚ ਅਲੱਗ-ਅਲੱਗ ਥਾਵਾਂ ਤੋਂ ਲਿਆਂਦਾ ਪਾਣੀ ਪਾਇਆ ਸੀ। ਖੂਹਾਂ ਦਾ ਪਾਣੀ ਹਮੇਸ਼ਾ ਮਿੱਠਾ ਰਹੇ, ਇਸ ਲਈ ਉਸ ਦੌਰ ਦੇ ਨੇਕ ਬਜ਼ੁਰਗਾਂ ਤੋਂ ਦੁਆਵਾਂ ਪੜ੍ਹਵਾਈਆਂ ਗਈਆਂ ਸਨ। ਫੇਰ ਵੱਖ-ਵੱਖ ਇਲਾਕਿਆਂ 'ਚੋਂ ਲਿਆ ਕੇ ਉਨ੍ਹਾਂ ਖੂਹਾਂ ਦੁਆਲੇ ਲੋਕਾਂ ਨੂੰ ਵਸਾਇਆ ਗਿਆ ਸੀ। ਖ਼ਾਲਿਦ ਕਿਫ਼ਾਇਤ ਸਾਹਿਬ ਨੇ ਮਾਲੇਰ-ਕੋਟਲਾ ਸਰਹਿੰਦੀ ਗੇਟ ਦੇ ਬਾਹਰ ਉਸ ਸ਼ਾਹੀ ਤਾਲਾਬ ਬਾਰੇ ਵੀ ਜਾਣਕਾਰੀ ਦਿੱਤੀ ਜਿਸਨੂੰ ਹਾਲ ਵਿੱਚ ਹੀ ਪੰਜਾਬ ਦੀ ਇੱਕ ਅਜੀਬੋ ਗ਼ਰੀਬ ਸੰਸਥਾ 'ਇੰਪਰੂਵਮੈਂਟ ਟਰੱਸਟ' ਲਗਭਗ 20 ਲੱਖ ਰੁਪਏ ਦੀ ਮਿੱਟੀ ਨਾਲ ਭਰਕੇ ਹਟੀ ਸੀ। ਰੋਜ਼ੀ-ਰੋਟੀ ਦੇ ਸੰਘਰਸ਼ਾਂ ਨਾਲ ਇਹ ਸਭ ਕੁੱਝ ਵੀ ਚਲਦਾ ਰਿਹਾ।

ਰੋਜ਼ਗਾਰ ਦੀ ਭਾਲ਼ ਲਈ ਬਸਾਂ ਵਿੱਚ ਸਫ਼ਰ ਕਰਦਿਆਂ ਅਕਸਰ ਮੈਂ ਬਜ਼ੁਰਗਾਂ ਨਾਲ ਗੱਲਾਂ ਕਰਦਾ-ਪੰਜਾਬ ਦੇਸ਼ ਦਾ ਇੱਕੋ-ਇੱਕ ਸੂਬਾ ਹੈ, ਜਿਸਦਾ ਨਾਂ ਪਾਣੀ ਉੱਤੇ ਰੱਖਿਆ ਗਿਆ। ਪੰਜਾਬ ਦੇ ਪਾਣੀ ਦੇ ਨਾਲ ਸਾਡੇ ਲੋਕ ਜੀਵਨ ਦੇ ਕਿੰਨੇ ਨਿੱਤਨੇਮ ਜੁੜੇ ਸਨ, ਖੂਹ, ਤਾਲਾਬ, ਸਰੋਵਰ, ਬਾਓਲੀਆਂ ਕਿੰਨੇ ਸੋਹਣੇ ਰੂਪਾਂ ਵਿੱਚ ਸਾਡੇ ਲੋਕ ਜੀਵਨ ਦੀ ਧੜਕਣ ਸਨ। ਉਹ ਰੰਗਤਾਂ ਭਰੇ ਦਿਨ, ਜਦੋਂ ਜਲ ਸੋਮਿਆਂ ਦੀ ਪੂਜਾ ਕੀਤੀ ਜਾਂਦੀ ਸੀ, ਮੱਸਿਆ ਦੇ ਗ੍ਰਹਿਣ ਸਮੇਂ ਪਾਣੀ ਵਿੱਚ ਇਸ਼ਨਾਨ ਮਹਾਤਮ ਦਿੱਤਾ ਜਾਂਦਾ ਸੀ, ਦੀਵਾਲੀ ਨੂੰ ਨਦੀਆਂ ਦੇ ਕੰਢੇ ਦੀਵੇ ਬਾਲ ਕੇ ਰੱਖੇ ਜਾਂਦੇ ਸਨ ਤਾਂ ਜੋ ਪੰਜਾਂ ਤੱਤਾਂ ਵਿੱਚ ਜੀਵਨ ਜੋਤ ਬਲਦੀ ਰਹੇ, ਨਾ ਕਿਸੇ ਦੇ ਮਨ ਵਿੱਚ, ਨਾ ਹੀ ਬਾਹਰ ਹਨੇਰਾ ਰਹੇ। ਕੋਈ ਪਿਆਸਾ, ਕੋਈ ਭੁੱਖਾ ਨਾ ਰਹੇ, ਸਭ ਦਾ ਮੰਗਲ ਹੋਵੇ। ਇਹੋ ਸਭ ਲੱਭਣ ਦੀ ਕੋਸ਼ਿਸ਼ ਕਰਦਾ।

ਹੌਲੀ-ਹੌਲੀ ਹੱਥੋਂ ਛੁੱਟੇ ਰੰਗਲੀ ਪ੍ਰੰਪਰਾ ਦੇ ਤਾਰ ਪਕੜ ਵਿੱਚ ਆਉਣ ਲੱਗੇ। ਇਸ ਖੇਤਰ ਵਿੱਚ ਸੰਘਣੇ ਜੰਗਲਾਂ ਦੇ ਨਾਲ-ਨਾਲ ਪਾਣੀ ਦੇ ਪ੍ਰੰਪਰਾਗਤ ਸੋਮੇ ਲਗਭਗ ਅੱਠ ਪ੍ਰਕਾਰ ਦੇ ਸਨ, ਜਿਨ੍ਹਾਂ ਵਿੱਚ ਦਰਿਆ, ਚੋਅ, ਵੇਂਈਆਂ, ਛੱਪੜ, ਢਾਬ, ਡਿੱਗੀਆਂ, ਖੂਹ ਅਤੇ ਕੁੱਝ ਹੋਰ ਕੁਦਰਤੀ ਸੋਮੇ ਸ਼ਾਮਲ ਸਨ। ਇਨ੍ਹਾਂ ਸਭ ਜਲ ਸੋਮਿਆਂ ਦੇ ਕੰਢਿਆਂ ਉੱਤੇ ਬੇਹੱਦ ਸੰਘਣੇ ਸ਼ਾਂਤ ਅਤੇ ਰਮਣੀਕ ਜੰਗਲ ਸਨ। ਇਹ ਜੰਗਲ ਸਦੀਆਂ ਤੋਂ ਤਪੱਸਵੀਆਂ ਦੀਆਂ ਇਬਾਦਤਗਾਹਾਂ ਬਣੇ ਰਹੇ। ਇਨ੍ਹਾਂ ਸੰਘਣੇ ਜੰਗਲਾਂ ਵਿੱਚ ਹੀ ਵੇਦਾਂ ਦੀਆਂ ਰਿਚਾਵਾਂ ਉੱਤਰੀਆਂ ਅਤੇ ਕੁਦਰਤ ਦੀਆਂ ਗੂੜ੍ਹ ਉਲਝਣਾਂ ਦੀ ਪੜਤਾਲ ਕੀਤੀ ਗਈ।

ਸੰਸਾਰ ਦੀ ਸਭ ਤੋਂ ਵਿਸ਼ਾਲ ਅਤੇ ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਲੰਮੀ ਸਭਿਅਤਾ ਸਿੰਧੂ ਘਾਟੀ ਦੀ ਸਭਿਅਤਾ ਮੰਨੀ ਗਈ ਹੈ ਜਿਹੜੀ ਕਿ ਲਗਭਗ ਨੌਂ ਸੌ ਮੀਲ ਵਿੱਚ ਫੈਲੀ ਹੋਈ ਸੀ। ਅਜਿਹੀ ਵਿਸ਼ਾਲ ਸਭਿਅਤਾ ਦੇ ਮੂਲ ਵਿੱਚ ਸੰਘਣੇ ਵਣ ਅਤੇ ਉਹ ਸਾਰੇ ਦਰਿਆ ਹੀ ਸਨ ਜਿਹੜੇ ਅੱਗੇ ਜਾ ਕੇ ਸਿੰਧ ਵਿੱਚ ਮਿਲ ਜਾਂਦੇ ਸਨ। ਮਹਾਭਾਰਤ ਕਾਲ ਵਿੱਚ ਪੰਜਾਬ ਦਾ ਨਾਂ ਪੰਚਨੰਦਾ ਸੀ। ਇਸਤੋਂ ਵੀ ਪ੍ਰਾਚੀਨ ਨਾਂ ਸਪਤਸਿੰਧੂ ਸੀ ਕਿਉਂਕਿ ਉਦੋਂ ਇੱਥੇ ਸਿੰਧ ਅਤੇ ਯਮੁਨਾ ਜਿਹੇ ਦਰਿਆ ਵੀ ਵਗਦੇ ਸਨ। ਜਦੋਂ ਨਾਪਾਕ ਇਰਾਦਿਆਂ ਨਾਲ ਦੇਸ਼ ਦਾ ਇੱਕ ਅੰਗ ਹਲਾਲ 'ਪਾਕ' ਕੀਤਾ ਗਿਆ ਤਾਂ ਵੀ ਇਹ ਦਰਿਆ ਹੀ ਹੱਦਬੰਦੀ ਦਾ ਆਧਾਰ ਬਣੇ ਸਨ। ਇਨ੍ਹਾਂ ਸਭ ਦਰਿਆਵਾਂ ਦੇ ਕੰਢਿਆਂ ਉੱਤੇ ਸੰਘਣੇ ਜੰਗਲਾਂ ਦਾ ਵੱਡਾ ਪਸਾਰਾ ਸੀ। ਅਜਿਹੇ ਪਵਿੱਤਰ ਵਾਤਾਵਰਣ ਕਾਰਨ ਹੀ ਦਰਿਆਵਾਂ ਅਤੇ ਜੰਗਲਾਂ ਦੇ ਕਿਨਾਰੇ ਧਾਰਮਿਕ ਨਗਰ, ਧਰਮਸ਼ਾਲਾਵਾਂ ਉਸਾਰੀਆਂ ਗਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਰਤਾਰਪੁਰ ਵਿਖੇ ਪਹਿਲੀ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਸੀ। ਠੀਕ ਇਸੇ ਤਰ੍ਹਾਂ ਬਿਆਸ ਦਰਿਆ ਦੇ ਕਿਨਾਰੇ ਸ਼੍ਰੀ ਬਾਉਲੀ ਸਾਹਿਬ, ਸ਼੍ਰੀ ਹਰਗੋਬਿੰਦਪੁਰ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ ਅਤੇ ਸ਼੍ਰੀ ਆਨੰਦਪੁਰ ਸਾਹਿਬ ਜਿਹੀਆਂ ਧਰਮ ਨਗਰੀਆਂ ਦੀ ਸਥਾਪਨਾ ਕੀਤੀ ਗਈ।

.ਉਦੋਂ 'ਨਦੀ ਜੋੜੋ' ਜਿਹੀਆਂ ਗ਼ੈਰ ਅਮਲੀ ਯੋਜਨਾਵਾਂ ਬਣਾਉਣ ਵਾਲੇ ਯੋਜਨਾਕਾਰ ਨਹੀਂ ਸਨ ਹੁੰਦੇ, ਉਦੋਂ ਲੋਕੀ ਖ਼ੁਦ ਹੀ ਨਦੀਆਂ ਨਾਲ ਜੁੜੇ ਹੋਏ ਸਨ, ਸਾਰੇ ਕੁਦਰਤੀ ਸੋਮਿਆਂ ਨਾਲ ਲੋਕ ਜੁੜੇ ਹੋਏ ਸਨ। ਕੁਦਰਤ ਨੂੰ ਹੀ ਪਰਮਪਿਤਾ ਦੇ ਦਸਤਖ਼ਤ ਸਮਝ ਪੂਜਦੇ ਸਨ। ਨਦੀਆਂ ਦੇ ਪ੍ਰਤੀ ਅਜਿਹੀ ਸ਼ਰਧਾ ਸੀ ਕਿ ਉਨ੍ਹਾਂ ਨੂੰ ਪਾਪ ਨਾਸ਼ਕ ਮੰਨਿਆ ਜਾਂਦਾ ਸੀ। ਲੋਕ ਆਪਣੇ ਦੁੱਖ-ਸੁੱਖ ਨਦੀਆਂ ਦਰੱਖ਼ਤਾਂ ਨਾਲ ਹੀ ਸਾਂਝੇ ਕਰਦੇ ਸਨ। ਪੰਜਾਬ ਦਾ ਕੋਈ ਵੀ ਦਰਿਆ ਅਜਿਹਾ ਨਹੀਂ ਸੀ ਜਿਸਦੇ ਕਿਨਾਰੇ ਮੱਸਿਆ, ਸੰਗਰਾਂਦ, ਪੁੰਨਿਆ, ਬਸੰਤ ਪੰਚਮੀ ਦੇ ਮੇਲੇ ਨਹੀਂ ਸਨ ਭਰਦੇ ਜਾਂ ਹੋਲੀ ਦੀ ਪੂਜਾ ਨਹੀਂ ਸੀ ਹੁੰਦੀ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਤਾਂ ਅੰਮ੍ਰਿਤਸਰ ਸਾਹਿਬ ਨੇੜੇ ਹੀ ਛੇਹਰਟੇ ਦੇ ਕੋਲ ਪਹਿਲੀ ਵਾਰ 1599 ਵਿੱਚ ਬਸੰਤ ਪੰਚਮੀ ਦਾ ਮੇਲਾ ਲਗਾਇਆ ਗਿਆ ਸੀ। ਅੱਜ ਵੀ ਇੱਥੇ ਗੁਰੂ ਜੀ ਦੀ ਯਾਦ ਵਿੱਚ ਛੇਹਰਟਾ (ਛੇ ਹਲਟਾ) ਖੂਹ ਮੌਜੂਦ ਹੈ। ਅਜਿਹਾ ਹੀ ਇੱਕ ਪ੍ਰਸੰਗ ਵਿਸਾਖੀ ਦਾ ਵੀ ਹੈ, ਜਿਸਨੂੰ ਮੰਤਰੀਆਂ ਵਾਂਗ ਬਦਲਦੀਆਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਕੇ ਨਵਾਂ ਸਮਾਜ ਭੁੱਲ ਚੁੱਕਿਆ ਹੈ। 1589 ਈਸਵੀ ਵਿੱਚ ਜਦੋਂ ਅੰਮ੍ਰਿਤਸਰ ਦਾ ਸਰੋਵਰ ਬਣ ਕੇ ਪੂਰਾ ਹੋਇਆ ਸੀ, ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਿਸਾਖੀ ਮਨਾਉਣ ਦਾ ਆਦੇਸ਼ ਦਿੱਤਾ ਸੀ। ਸਿੱਧੀਆਂ-ਸਿੱਧੀਆਂ ਨਿਰਮਲ ਰੀਤਾਂ ਵਾਲੇ ਸਾਡੇ ਮੇਲਿਆਂ ਨੂੰ ਵੀ ਅੱਜ ਭੰਬਲ-ਭੂਸਿਆਂ 'ਚ ਉਲਝੇ ਸਾਡੇ ਨੇਤਾਵਾਂ ਨੇ ਅਗਵਾ ਕਰ ਲਿਆ ਹੈ।

ਜਿਹੜੇ ਲੋਕ ਸਦੀਆਂ ਤੋਂ ਸਹਿਜ-ਸਰਲ ਰੂਪ ਵਿੱਚ ਰਹਿੰਦੇ ਆਏ ਹੋਣ, ਕੀ ਉਨ੍ਹਾਂ ਕੋਲ ਅਜਿਹਾ ਕੁੱਝ ਨਹੀਂ ਸੀ ਜੋ ਸਤਿਕਾਰਯੋਗ ਹੋਵੇ, ਗੌਰਵਸ਼ਾਲੀ ਹੋਵੇ? ਜਿਵੇਂ ਦਰਸ਼ਨ ਫ਼ਿਲਾਸਫ਼ੀ ਨਹੀਂ ਹੁੰਦਾ, ਜਿਵੇਂ ਸ਼ਰਧਾ ਨਿਰਾ ਫੇਥ ਨਹੀਂ ਹੁੰਦੀ, ਜਿਵੇਂ ਪ੍ਰੰਪਰਾ ਟ੍ਰੈਡੀਸ਼ਨ ਨਹੀਂ ਹੁੰਦੀ, ਜਿਵੇਂ ਗੁਰਪੁਰਬ ਕਿਸੇ ਦਾ ਹੈਪੀ ਬਰਥਡੇਅ ਨਹੀਂ ਹੁੰਦਾ, ਜਿਵੇਂ ਗੁਰ ਪੁੰਨਿਆ ਆਕਾਸ਼ ਵਿੱਚ ਚਮਕਦਾ ਨਿਰਾ ਚੰਦ ਨਹੀਂ ਹੁੰਦੀ, ਜਿਵੇਂ ਕੋਈ ਸੰਕਲਪ ਸਿਰਫ਼ ਬਾਈ-ਗਾੱਡ ਨਹੀਂ ਹੁੰਦਾ, ਠੀਕ ਉਸੇ ਤਰ੍ਹਾਂ ਸਾਡੀਆਂ ਨਦੀਆਂ, ਸਾਡੇ ਸਰੋਵਰ, ਸੰਸਾਰ ਦੇ ਦੂਜੇ ਜਲ ਸਰੋਤਾਂ ਵਾਂਗ ਨਹੀਂ ਸਨ ਹੁੰਦੇ, ਇਨ੍ਹਾਂ ਦੀ ਨੁਹਾਰ ਅਤੇ ਮਹਿਮਾ ਵਿਲੱਖਣ ਸੀ। ਜੇਕਰ ਇਹ ਉਨ੍ਹਾਂ ਸਰੋਤਾਂ ਤੋਂ ਵੱਖਰੇ ਨਾ ਹੁੰਦੇ ਤਾਂ ਸਾਡੀਆਂ ਨਦੀਆਂ ਦੇ ਇੰਨੇ ਸੋਹਣੇ ਨਾਂ, ਬੜੇ ਗਹਿਰੇ ਅਰਥਾਂ ਭਰੇ ਨਾਂ ਨਾ ਹੁੰਦੇ ਅਤੇ ਨਾ ਹੀ 'ਸਰ' (ਤਾਲਾਬ) ਸ਼ਬਦ ਹਜ਼ਾਰਾਂ-ਲੱਖਾਂ ਧਰਮ ਸਥਾਨਾਂ ਨਾਲ ਜੁੜਦਾ। ਸਾਡੇ ਜਲ ਸੋਮੇ ਸਿਰਫ਼ ਆਦਮੀ ਦੇ ਭੋਗ ਦੀ ਚੀਜ਼ ਨਹੀਂ ਸਨ, ਉਹ ਤਾਂ ਜੀਵਨ ਤੋਂ ਵੀ ਉੱਪਰ ਉੱਠ ਕੇ ਜੀਵਨਦਾਇਕ ਬਣ ਜਾਂਦੇ ਸਨ। ਅੱਜ ਸਾਨੂੰ ਆਪਣੇ ਇਤਿਹਾਸ ਦੀਆਂ ਪੁਸਤਕਾਂ ਤੋਂ 'ਲਾਲ ਸਿਉਂਕ' ਝਾੜ ਕੇ ਬਿਨਾਂ ਸੱਜੇ-ਖੱਬੇ ਮੁੜੇ, ਸਿਰਫ਼ ਸਿੱਧੇ ਖਲੋ ਕੇ ਇਹ ਸੋਚਣਾ ਚਾਹੀਦਾ ਹੈ ਕਿ ਆਖ਼ਿਰ ਉਹ ਕਿਹੜੇ ਨਿਯਮ ਸਨ ਜਿਨ੍ਹਾਂ ਕਾਰਨ ਸਾਡਾ ਸਮਾਜ ਹਜ਼ਾਰਾਂ ਸਾਲਾਂ ਤੱਕ ਕੁਦਰਤ ਨਾਲ ਬੇਹੱਦ ਸਹਿਜ-ਸਰਲ ਅਤੇ ਬੜੇ ਆਤਮਿਕ ਸਬੰਧ ਬਣਾ ਕੇ ਰੱਖ ਸਕਿਆ? ਅੱਜ ਆਪਾਂ ਭੁੱਲ ਹੀ ਗਏ ਹਾਂ ਕਿ ਗਲੀਆਂ-ਮੁਹੱਲਿਆਂ ਵਿੱਚ ਘੁੰਮਣ ਵਾਲੇ ਫ਼ਕੀਰਾਂ ਨੂੰ ਉਦੋਂ ਮੰਗਤੇ ਨਹੀਂ ਸੀ ਕਿਹਾ ਜਾਂਦਾ। ਉਦੋਂ ਇਹ ਫ਼ਕੀਰ ਸਾਲ ਵਿੱਚ ਇੱਕ ਵਾਰ ਆਪਣੇ ਨਾਲ ਜੁੜੇ ਪਰਿਵਾਰਾਂ ਕੋਲ ਜ਼ਰੂਰ ਆਉਂਦੇ ਸਨ। ਜਿਸ ਸਾਲ ਇਹ ਨਹੀਂ ਸਨ ਆਉਂਦੇ, ਉਸ ਸਾਲ ਪਰਿਵਾਰ ਉਦਾਸ ਹੁੰਦਾ ਸੀ, ਕਿਉਂਕਿ ਇਹ ਫ਼ਕੀਰ ਨਦੀਆਂ, ਸਰੋਵਰਾਂ ਦੀ ਪਰਿਕਰਮਾ ਕਰ ਕੇ ਆਇਆ ਕਰਦੇ ਸਨ। ਉਦੋਂ ਅਜਿਹੀ ਬੋਲੀ ਕੋਈ ਨਹੀਂ ਸੀ ਬੋਲਦਾ,''ਬਾਬਾ ਅੱਗੇ ਜਾ'' ਜਾਂ ''ਬਾਬਾ ਹੱਟਾ-ਕੱਟਾ ਏਂ, ਕੰਮ ਕਰ ਕੇ ਖਾਇਆ ਕਰ।'' ਉਦੋਂ ਸਾਡੀ ਸਿੱਖਿਆ ਅਤੇ ਬੋਲਚਾਲ ਦੀ ਭਾਸ਼ਾ ਵਿੱਚ ਅਜਿਹੀ ਸ਼ਬਦਾਵਲੀ ਦਾ ਭੂ-ਮੰਡਲੀਕਰਣ ਨਹੀਂ ਸੀ ਹੋਇਆ ਕਿਉਂਕਿ ਉਦੋਂ ਲੋਕਾਂ ਦੇ ਵਿਸ਼ਵਾਸ ਬੜੇ ਡੂੰਘੇ ਸਨ, ਉਨ੍ਹਾਂ ਦੀ ਆਸਥਾ ਬੜੀ ਗਹਿਰੀ ਸੀ ਕਿ ਇਹ ਫ਼ਕੀਰ ਜ਼ਰੂਰ ਕੁੱਝ ਅਜਿਹੇ ਤਜਰਬਿਆਂ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਸਭ ਦੀ ਸਲਾਮਤੀ, ਸਭ ਦੀ ਖ਼ੈਰ ਹੈ। ਲੇਕਿਨ 'ਬੁੱਧੀਜੀਵੀ' ਸ਼ਬਦ ਦੇ ਪ੍ਰਚਲਿਤ ਹੋਣ ਤੋਂ ਬਾਅਦ ਕਰੋੜਾਂ ਨਿਰਮਲ-ਚਿੱਤ ਲੋਕਾਂ ਨੂੰ 'ਚੱਲ ਸਾਲਾ ਦੇਸੀ' ਜਿਹੀ ਗਾਲ੍ਹ ਦੇ ਕੋਟੇ ਵਿੱਚ ਸੁੱਟ ਦਿੱਤਾ ਗਿਆ। ਕੁੱਝ ਨਵੇਂ ਪ੍ਰਗਤੀਸ਼ੀਲ ਵੀਰਾਂ ਨੇ ਅਜਿਹੀਆਂ ਹਜ਼ਾਰਾਂ ਪਵਿੱਤਰ ਪ੍ਰੰਪਰਾਵਾਂ, ਰਸਮਾਂ ਦੇ ਵਿਗਿਆਨਕ ਆਧਾਰ ਸਮਝੇ ਬਿਨਾਂ ਹੀ ਇਨ੍ਹਾਂ ਦਾ ਸ਼ੀਲ ਭੰਗ ਕਰ ਦਿੱਤਾ ਅਤੇ ਇਨ੍ਹਾਂ ਪ੍ਰੰਪਰਾਵਾਂ ਉੱਤੇ ਸਿਰਫ਼ ਅੰਧਵਿਸ਼ਵਾਸਾਂ ਜਾਂ ਕਰਮਕਾਂਡਾਂ ਦਾ ਪੱਕਾ ਠੱਪਾ ਹੀ ਲਗਾ ਦਿੱਤਾ। ਜਦੋਂ ਕਿ ਸਿਰਫ਼ ਤਰਕ ਨੂੰ ਹੀ ਪ੍ਰਗਤੀਸ਼ੀਲਤਾ ਮੰਨਣ ਵਾਲੇ ਉੱਚ ਸਿੱਖਿਆ ਪ੍ਰਾਪਤ ਸਮਾਜ ਦੇ ਨਵੇਂ ਆਗੂਆਂ ਨੇ ਹੀ ਜ਼ਿਆਦਾਤਰ ਲੋਕਾਂ ਨੂੰ ਇਹ ਸਿਖਾਇਆ ਹੈ ਕਿ ਅੱਧੀ ਰਾਤੀਂ ਟੁੱਲੂ ਪੰਪਾਂ ਰਾਹੀਂ ਗੁਆਂਢੀ ਦਾ ਪਾਣੀ ਖਿੱਚ ਕੇ ਚੁੱਪ-ਚਾਪ ਸੌਂ ਜਾਓ।

ਇਹ ਸਭ ਕੁੱਝ ਇੰਨਾ ਪੁਰਾਣਾ ਨਹੀਂ ਸੀ ਹੋਇਆ ਕਿ ਗੱਲ ਦਾ ਕੋਈ ਸਿਰਾ ਹੀ ਹੱਥ ਨਾ ਆਵੇ। ਜਿਹੜੇ ਪੰਜਾਬ-ਹਰਿਆਣਾ 'ਚੋਂ ਅੱਜ ਗਿੱਧਾਂ ਤੋਂ ਇਲਾਵਾ ਪੰਛੀਆਂ ਦੀਆਂ 90 ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ, ਉੱਥੇ ਹੀ ਕਦੀ 'ਹਰੀਕੇ ਪੱਤਣ' ਜਿਹੀਆਂ ਵਿਸ਼ਾਲ ਜਲਗਾਹਾਂ ਉੱਤੇ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਸਨ। ਹੀਰ-ਰਾਂਝਾ, ਸੋਹਣੀ-ਮਹੀਂਵਾਲ ਦੀਆਂ ਅੱਜ ਵੀ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਕਦੀ ਅਜਿਹੇ ਹੀ ਰਮਣੀਕ ਖੇਤਰਾਂ ਦਾ ਸੱਚ ਸਨ।

ਪੰਜਾਬ ਦੇ ਸਾਰੇ ਦਰਿਆ ਕਦੀ ਸਾਡੀਆਂ ਆਸਥਾਵਾਂ ਅਤੇ ਨਿੱਘੇ ਜੀਵਨ ਮੁੱਲਾਂ ਦੇ ਸਾਰਥੀ ਸਨ। ਜਿਵੇਂ ਕੁਦਰਤ ਵਿੱਚ ਹਰੇਕ ਜੜ੍ਹ-ਚੇਤਨ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ, ਉਸੇ ਤਰ੍ਹਾਂ ਇਨ੍ਹਾਂ ਸਾਰੇ ਦਰਿਆਵਾਂ ਦੇ ਸੁਭਾਅ ਵੀ ਵੱਖੋ-ਵੱਖਰੇ ਸਨ।

ਬਿਆਸ ਦਰਿਆ ਰਿਸ਼ੀਆਂ-ਮੁਨੀਆਂ ਦਾ ਚਹੇਤਾ ਦਰਿਆ ਸੀ। ਇਸਦਾ ਪ੍ਰਾਚੀਨ ਨਾਂ ਬਿਪਾਸ਼ਾ ਸੀ। ਇਹ ਬਹੁਤ ਮਰਿਆਦਾ ਵਾਲਾ ਦਰਿਆ ਮੰਨਿਆ ਜਾਂਦਾ ਰਿਹਾ ਹੈ। ਸਿੱਧੀਆਂ ਅੱਖਾਂ ਨਾਲ ਵੇਖਣ ਵਾਲੇ ਵਕਤਾਂ ਵਿੱਚ ਇਸਨੂੰ 'ਵੇਦਾਂ ਦਾ ਦਰਿਆ' ਵੀ ਕਿਹਾ ਜਾਂਦਾ ਸੀ।

ਰਾਵੀ ਦਰਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਦੀ ਰੱਖਿਆ ਖ਼ਾਤਿਰ ਦਿੱਤੀ ਸ਼ਹੀਦੀ ਦੀ ਗਵਾਹੀ ਵਾਲਾ ਦਰਿਆ ਹੈ। ਵੇਦਾਂ ਵਿੱਚ ਰਾਵੀ ਦਾ ਨਾਂ ਇਰਾਵਤੀ ਅਤੇ ਰਾਵਿਕਾ ਹੈ, ਇਸ ਦਾ ਅਰਥ ਹੈ ਦੈਵੀ ਸੁਆਦ ਵਾਲਾ ਪਾਣੀ। ਪਰ ਇਸ ਨਦੀ ਦੇ ਵਿਸ਼ੇਸ਼ ਗੁਣ ਵੇਖਦੇ ਹੋਏ ਰਿਸ਼ੀਆਂ ਨੇ ਇਸ ਦਾ ਨਾਂ ਇਰਾਵਤੀ ਰੱਖਿਆ। ਸਵਾਮੀ ਰਾਮਤੀਰਥ ਦੇ ਵੈਰਾਗ ਅਤੇ ਸੰਨਿਆਸ ਦੇ ਕੱਚੇ ਵਿਚਾਰ ਇਸੇ ਨਦੀ ਦੇ ਕਿਨਾਰੇ ਪੱਕੇ ਹੋਏ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗਵਾਹੀ ਅਤੇ ਮਹਾਰਾਜਾ ਰਣਜੀਤ ਸਿੰਘ ਲਈ ਹੰਝੂਆਂ ਦੇ ਬੁਲਬੁਲੇ ਅੱਜ ਵੀ ਇਸ ਨਦੀ ਦੀਆਂ ਲਹਿਰਾਂ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਤੋਂ ਬਾਅਦ ਗਾਂਧੀ ਜੀ ਨੇ ਆਪਣੇ ਅਹਿੰਸਕ ਅੰਦੋਲਨ ਵਿੱਚ ਕਿਤੇ ਜ਼ਿਆਦਾ ਮਜ਼ਬੂਤੀ ਵੇਖੀ। ਪੰਜਾਬੀਆਂ ਦੀਆਂ ਕੁਰਬਾਨੀਆਂ ਵੇਖਦੇ ਹੋਏ ਦਸੰਬਰ 1929 ਵਿੱਚ ਕਾਂਗਰਸ ਦਾ ਸਾਲਾਨਾ ਸੰਮੇਲਨ ਵੀ ਰਾਵੀ ਦੇ ਕੰਢੇ ਹੀ ਸੱਦਿਆ ਗਿਆ ਅਤੇ ਫੇਰ ਇਸੇ ਦੇ ਕੰਢੇ 'ਸੰਪੂਰਣ ਆਜ਼ਾਦੀ' ਦੀ ਸਹੁੰ ਵੀ ਖਾਧੀ ਗਈ। ਇੱਥੋਂ ਹੀ ਪਰਜਾ ਮੰਡਲ ਲਹਿਰ ਸ਼ੁਰੂ ਹੋਈ ਸੀ।

ਚਨਾਬ ਦਰਿਆ ਸਾਡੇ ਖੇਤਰ ਦੇ ਪੇਂਡੂ ਲੋਕ ਜੀਵਨ ਦਾ ਪ੍ਰਤੀਕ ਦਰਿਆ ਹੈ। ਬੇਸ਼ੱਕ ਸੋਹਣੀ ਦੇ ਕੱਚੇ ਘੜੇ ਦੀ ਪਿੱਲੀ ਮਿੱਟੀ ਦੀ ਭਿੰਨੀ-ਭਿੰਨੀ ਮਹਿਕ ਜਿਹੇ ਦੁਖਾਂਤ ਵੀ ਇਸ ਦੀਆਂ ਵਗਦੀਆਂ ਅਤੇ ਹੇਠਾਂ ਠਹਿਰੀਆਂ ਲਹਿਰਾਂ ਵਿੱਚ ਘੁਲੇ ਹੋਏ ਹਨ ਪਰ ਫੇਰ ਵੀ ਪੇਂਡੂ ਜੀਵਨ ਵਿੱਚ ਪਲਦੀਆਂ ਨਿੱਕੀਆਂ ਅਤੇ ਨਿੱਘੀਆਂ ਪ੍ਰੇਮ ਕਹਾਣੀਆਂ ਅੱਜ ਵੀ ਇਸਦੀਆਂ ਵਗਦੀਆਂ ਲਹਿਰਾਂ ਵਿੱਚ ਲੱਭੀਆਂ ਜਾ ਸਕਦੀਆਂ ਹਨ। ਚਨਾਬ ਦਾ ਵੇਦਕਾਲੀਨ ਨਾਂ ਭਗਵਤੀ ਚੰਦਰਭਾਗਾ ਸੀ। ਪੰਜਾਬ ਜਿਹੀ ਵੀਰਾਂ ਦੀ ਧਰਤੀ ਨੂੰ ਇਸ ਨਦੀ ਨੇ ਦੁੱਧ ਵਰਗਾ ਪਾਣੀ ਪਿਆਇਆ ਹੈ। ਇਸੇ ਭਗਵਤੀ ਚੰਦਰਭਾਗਾ ਦਾ ਜਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੁਰੂ ਦੀ ਫਤਿਹ ਬੁਲਾਉਂਦਾ ਸੀ। ਪੰਜਾਬੀ ਦੇ ਮਹਾਨ ਕਵੀ ਵਾਰਿਸ ਸ਼ਾਹ ਦਾ ਬਚਪਨ ਅਤੇ ਉਨ੍ਹਾਂ ਦੇ ਕਾਵਿ ਸੰਸਾਰ ਦੇ ਇਤਿਹਾਸ ਦੀਆਂ ਜੜ੍ਹਾਂ ਦੀਆਂ ਕਰੂੰਬਲਾਂ ਅੱਜ ਵੀ ਇਸ ਦਰਿਆ ਦੇ ਕੰਢੇ ਦੀ ਸੇਮ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ।

ਜਿਹਲਮ ਦਰਿਆ ਕੁਦਰਤ ਦੀ ਗੋਦੀ ਵਿੱਚ ਰਹਿੰਦੇ ਸਿੱਧੀ-ਸਾਦੀ ਆਤਮਾ ਵਾਲੇ ਲੋਕਾਂ ਦਾ ਦਰਿਆ ਹੈ। ਜਿਹਲਮ ਨਦੀ ਦੀ ਸ਼ਾਨੋ-ਸ਼ੌਕਤ ਵੇਖ ਕੇ ਜਹਾਂਗੀਰ ਨੇ ਕਿਹਾ ਸੀ ''ਸੰਸਾਰ ਵਿੱਚ ਜੇਕਰ ਕਿਤੇ ਜੰਨਤ ਹੈ ਤਾਂ ਉਹ ਬੱਸ ਇੱਥੇ ਹੀ, ਸਿਰਫ਼ ਇੱਥੇ ਹੀ ਹੈ''। ਵੇਦ ਕਾਲ ਵਿੱਚ ਇਸਦਾ ਨਾਂ ਵਿਤਸਤਾ ਸੀ। ਵਿਤਸਤਾ ਪਾਰਵਤੀ ਦਾ ਵੀ ਇੱਕ ਨਾਂ ਹੈ। ਜਹਾਂਗੀਰ ਨੇ ਇਸਦੇ ਮੂਲ ਸਥਾਨ ਕੋਲ ਅੱਠ ਖੂੰਜਾ ਤਾਲਾਬ ਵੀ ਬਣਵਾਇਆ ਸੀ।

ਸਤਲੁਜ ਦੇ ਕੰਢੇ ਹੀ ਦਸਮੇਸ਼ ਪਿਤਾ ਨੇ ਚਿੜੀਆਂ ਸੰਗ ਬਾਜ਼ ਲੜਾਉਣ ਦੀ ਸਹੁੰ ਖਾਧੀ ਸੀ। ਸਤਲੁਜ ਦਾ ਵੇਦਕਾਲੀਨ ਨਾਂ ਸ਼ਤਦਰੂ ਜਾਂ ਸ਼ਤੂਦਰੀ ਹੈ, ਜਿਸਦਾ ਅਰਥ ਹੁੰਦਾ ਹੈ ਸੌ ਪ੍ਰਵਾਹਾਂ ਵਿੱਚ ਵਗਣ ਵਾਲੀ ਨਦੀ : ਗੀਤਾ :11-28। ਆਜ਼ਾਦੀ ਤੋਂ ਫੌਰਨ ਬਾਅਦ ਇਸੇ ਦਰਿਆ ਉੱਤੇ ਭਾਖੜਾ ਬੰਨ੍ਹ ਬਣਿਆ। ਪੰਡਿਤ ਨਹਿਰੂ ਨੇ ਇਸਦੀ ਨੀਂਹ ਰੱਖੀ ਸੀ। ਇੱਥੋਂ ਹਜ਼ਾਰਾਂ ਲੋਕਾਂ ਨੂੰ ਉਜਾੜਿਆ ਗਿਆ ਸੀ ਜਿਹੜੇ ਅਜੇ ਤੱਕ ਵੀ ਪੂਰੀ ਤਰ੍ਹਾਂ ਵਸ ਨਹੀਂ ਸਕੇ। ਅਜਿਹੇ ਹੀ ਉੱਜੜੇ ਲੋਕਾਂ 'ਚੋਂ ਇੱਕ ਹਨ ਸ਼੍ਰੀ ਮੰਤ ਰਾਮ, ਜਿਨ੍ਹਾਂ ਦੀ ਉਮਰ ਹੈ 74 ਸਾਲ, ਪਿੰਡ ਉਡੱਪਰ-ਜ਼ਿਲ੍ਹਾ ਬਿਲਾਸਪੁਰ। ਮੰਤ ਰਾਮ ਜੀ ਨੇ ਦੱਸਿਆ ਕਿ ਜਦੋਂ ਨਹਿਰੂ ਜੀ ਨੇ ਭਾਖੜਾ ਬੰਨ੍ਹ ਦੀ ਨੀਂਹ ਰੱਖੀ ਤਾਂ ਚਾਰ-ਚਾਰ ਲੱਡੂ ਵੰਡੇ ਗਏ ਸਨ, ਪਰ ਸਿਰਫ਼ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ। ਉਜਾੜੇ ਗਏ ਲੋਕ ਵੀ ਉੱਥੇ ਕੋਲ ਹੀ ਸਨ, ਉਸ ਸਮੇਂ ਨਾ ਉਨ੍ਹਾਂ ਨੂੰ ਲੱਡੂ ਦਿੱਤੇ ਗਏ ਅਤੇ ਨਾ ਹੀ ਇਹ ਲੇਖ ਲਿਖੇ ਜਾਣ ਤੱਕ ਉੱਜੜਨ ਦਾ ਮੁਆਵਜ਼ਾ। ਭਾਖੜਾ ਬੰਨ੍ਹ ਕਾਰਣ ਉਜਾੜੇ ਗਏ 2100 ਪਰਿਵਾਰਾਂ ਵਿੱਚੋਂ ਹਾਲੇ ਤੱਕ ਵੀ 730 ਪਰਿਵਾਰ ਹੀ ਕਿਸੇ ਢੰਗ ਨਾਲ ਵਸ ਸਕੇ ਹਨ। ਇਸ ਭਾਖੜਾ ਬੰਨ੍ਹ ਨੇ ਪੰਜਾਬ-ਹਰਿਆਣਾ-ਰਾਜਸਥਾਨ-ਦਿੱਲੀ ਨੂੰ ਬਿਜਲੀ, ਖੇਤੀ ਵਿੱਚ ਖ਼ੂਬ ਮੁਨਾਫ਼ਾ ਦਿੱਤਾ, ਪਰ ਕਾਸ਼! ਸਾਡੇ ਉਸ ਸਮੇਂ ਦੇ ਦੂਰਦਰਸ਼ੀ ਅਤੇ ਅੱਜ ਦੇ ਯੋਜਨਾਕਾਰ ਇਨ੍ਹਾਂ ਸੂਬਿਆਂ ਨੂੰ ਦਿੱਤੀ ਗਈ ਬਿਜਲੀ ਦੇ ਬਿਲਾਂ ਵਿੱਚ ਮੁਆਵਜ਼ੇ ਵਜੋਂ ਪੰਜਾਹ ਪੈਸੇ ਹੀ ਉਜਾੜੇ ਗਏ ਲੋਕਾਂ ਲਈ ਵੀ ਰੱਖ ਲੈਂਦੇ ਤਾਂ ਜੋ ਭਾਖੜੇ ਦੀ ਨੀਂਹ ਰੱਖਦੇ ਸਮੇਂ ਉੱਜੜੇ ਲੋਕਾਂ ਦੀਆਂ ਭਾਵਨਾਵਾਂ ਪੀੜਤ ਨਾ ਹੁੰਦੀਆਂ।

ਇਸੇ ਦਰਿਆ 'ਤੇ ਬਣੇ ਬੰਨ੍ਹ ਕਾਰਨ 'ਹਰੇ ਇਨਕਲਾਬ' ਦਾ ਸੁਫ਼ਨਾ ਲੋਕਾਂ ਦੀਆਂ ਅੱਖਾਂ ਵਿੱਚ ਉਤਰਿਆ ਜਿਹੜਾ ਅੱਜ ਪੂਰੇ ਖ਼ਿੱਤੇ ਦੀਆਂ ਅੱਖਾਂ ਦਾ ਕਾਲਾ ਮੋਤੀਆ ਬਣ ਚੁੱਕਿਆ ਹੈ।

ਦਰਿਆਵਾਂ 'ਚੋਂ ਰਿਸਦਾ ਪਾਣੀ ਵੇਂਈਆਂ ਦੀ ਸ਼ਕਲ ਵਿੱਚ ਸਮਾਜ ਦੀ ਸੇਵਾ ਕਰਦਾ ਸੀ। ਪੰਜਾਬ ਦੀਆਂ ਸਭ ਤੋਂ ਪ੍ਰਸਿੱਧ ਵੇਂਈਆਂ ਸਨ-ਕਾਲੀ ਵੇਂਈਂ ਅਤੇ ਚਿੱਟੀ ਵੇਂਈਂ। ਕਾਲੀ ਵੇਂਈਂ ਦਸੂਹਾ ਤੋਂ ਸ਼ੁਰੂ ਹੋ ਕੇ ਟਾਂਡਾ ਦੇ ਕੋਲੋਂ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਸੁਭਾਨਪੁਰ, ਹਮੀਰਾ, ਅੰਮ੍ਰਿਤਸਰ, ਕਪੂਰਥਲਾ, ਸੁਲਤਾਨਪੁਰ ਲੋਧੀ ਤੋਂ ਲੰਘ ਕੇ ਸਤਲੁਜ ਵਿੱਚ ਮਿਲ ਜਾਂਦੀ ਹੈ। ਕਾਲੀ ਵੇਂਈਂ ਦੀ ਮਹਾਨਤਾ 'ਤੇ ਪੂਰੀ ਪੁਸਤਕ ਲਿਖੀ ਜਾ ਸਕਦੀ ਹੈ। ਗੰਦੇ ਨਾਲੇ ਵਿੱਚ ਤਬਦੀਲ ਹੋ ਚੁੱਕੀ ਇਹ ਉਹ 'ਕਾਲੀ ਵੇਂਈਂ' ਹੈ ਜਿਹੜੀ ਕਦੇ 'ਜਪੁਜੀ' ਦੇ ਇਲਹਾਮ ਦੀ ਜਿਉਂਦੀ ਜਾਗਦੀ ਗਵਾਹ ਰਹੀ ਹੈ। ਬਾਬਾ ਨਾਨਕ ਜੀ ਨੇ ਕਿਹਾ ਸੀ ''ਪਹਿਲਾ ਪਾਣੀ ਜੀਓ ਹੈ, ਜਿਤੁ ਹਰਿਆ ਸਭ ਕੋਇ।'' ਇਨ੍ਹਾਂ ਵੇਂਈਆਂ ਨੇ ਕਦੀ ਆਪਣੇ 'ਪ੍ਰਸੰਨ ਜਲ' (Crystal Clear Water) ਦੇ ਕਾਰਨ ਹੀ ਹਜ਼ਾਰਾਂ ਲੋਕਾਂ ਨੂੰ ਆਪਣੇ ਲਾਗੇ ਵਸਣ ਦਾ ਸੱਦਾ ਦਿੱਤਾ ਸੀ। ਉਦੋਂ ਲੋਕਾਂ ਵਿੱਚ ਵੀ ਕੁਦਰਤ ਝਲਕਦੀ ਸੀ ਯਾਨੀ ਲੋਕੀ ਵੀ ਨਦੀਆਂ, ਦਰੱਖ਼ਤਾਂ ਵਰਗੇ ਹੀ ਨਿਰਮਲ ਅਤੇ ਤਨ-ਮਨ ਤੋਂ ਹਰੇ-ਭਰੇ ਸਨ। ਉਦੋਂ ਜਲ ਸਰੋਤਾਂ ਨੂੰ ਗੰਦਾ ਕਰਨਾ ਪਾਪ ਸਮਝਿਆ ਜਾਂਦਾ ਸੀ। ਅਜਿਹਾ ਸਮਝਣ ਵਾਲੇ ਅਤੇ ਅਜਿਹਾ ਸਮਝਾਉਣ ਵਾਲੇ ਲੋਕ ਹਰ ਘਰ ਵਿੱਚ ਮੌਜੂਦ ਸਨ। ਉਸ ਸਮੇਂ ਖੁੱਲ੍ਹਾ ਜਲ ਵੀ ਨਿਰਮਲ ਹੁੰਦਾ ਸੀ, ਅੱਜ ਲੋਕਾਂ ਦੇ ਦਿਲਾਂ ਵਾਂਗ ਸੁੰਗੜੇ ਅੰਡਰਗਰਾਊਂਡ ਪਾਈਪਾਂ ਰਾਹੀਂ ਆਉਣ ਵਾਲਾ ਪਾਣੀ ਵੀ ਗੰਦਾ ਹੁੰਦਾ ਹੈ। ਕਾਲੀ ਵੇਂਈਂ ਨੂੰ ਮੁੜ ਨਿਰਮਲ ਕਰਨ ਵਾਲੇ ਨਿਰਮਲ ਕੁਟੀਆ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਪਰਮਪਿਤਾ ਵੱਡੀਆਂ ਉਮਰਾਂ ਬਖ਼ਸ਼ੇ, ਤਾਂ ਜੋ ਉਹ ਕਾਲੀ ਵੇਂਈਂ ਨੂੰ ਪਹਿਲਾਂ ਵਰਗੀ ਰੰਗਤ ਵਿੱਚ ਲਿਆ ਸਕੇ। ਬਲਬੀਰ ਸਿੰਘ ਜੀ ਨੇ ਸੱਚਮੁੱਚ ਸੰਤਪੁਣੇ ਦੀ ਲਾਜ ਰੱਖ ਲਈ ਹੈ।

ਦਰਿਆਵਾਂ ਤੋਂ ਦੂਰ ਜਿੱਥੇ ਕਿਤੇ ਵੀ ਨਵਾਂ ਪਿੰਡ ਵਸਾਇਆ ਜਾਂਦਾ, ਉੱਥੇ ਪਾਣੀ ਦਾ ਪੱਧਰ, ਪਾਣੀ ਦਾ ਸੁਆਦ ਅਤੇ ਹੇਠਲਾ ਖੇਤਰ, ਜਿੱਥੇ ਪਾਣੀ ਸਾਲ ਭਰ ਕੰਮ ਦੇ ਸਕੇ ਆਦਿ ਨੂੰ ਧਿਆਨ ਵਿੱਚ ਰੱਖ ਕੇ ਹੀ ਪਿੰਡ ਦੀ ਬੁਨਿਆਦ ਰੱਖੀ ਜਾਂਦੀ। ਪੂਰਾ ਸਾਲ ਪਿੰਡ ਦਾ ਸਾਰਾ ਕੰਮ ਸੁਚਾਰੂ ਰੂਪ ਵਿੱਚ ਚੱਲਦਾ ਰਹੇ, ਇਸ ਲਈ ਛੱਪੜ, ਟੋਭੇ, ਢਾਬ ਅਤੇ ਡਿੱਗੀਆਂ ਬਣਾਈਆਂ ਜਾਂਦੀਆਂ। ਕੁੱਝ ਵੱਡੇ ਪਿੰਡਾਂ ਵਿੱਚ ਵੱਡੇ ਛੱਪੜ, ਵੱਡੀਆਂ ਢਾਬਾਂ ਅਤੇ ਵੱਡੀਆਂ ਡਿੱਗੀਆਂ ਸਨ, ਜਿਨ੍ਹਾਂ ਦੀਆਂ ਯਾਦਾਂ ਦੇ ਨਿਸ਼ਾਨ ਅੱਜ ਵੀ ਕਿਤੇ-ਕਿਤੇ ਦਿਸ ਪੈਂਦੇ ਹਨ। ਅੱਜ ਵੀ ਅਜਿਹੇ ਸੈਂਕੜੇ ਤਾਲਾਬ ਥੱਕੇ-ਟੁੱਟੇ ਉਨ੍ਹਾਂ ਬਜ਼ੁਰਗਾਂ ਦੀ ਤਰ੍ਹਾਂ ਉਜਾੜਾਂ 'ਚ ਪਏ ਹੋਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਸਭ ਕੁੱਝ ਖੋਹ ਕੇ ਬੇ-ਦਖ਼ਲ ਕਰ ਦਿੱਤਾ ਹੈ। ਇਸੇ ਤਰ੍ਹਾਂ ਦੇ ਤਾਲਾਬਾਂ ਵਿੱਚੋਂ ਖਰੜ ਵਿਖੇ ਰਾਜਾ ਦਸ਼ਰਥ ਦੇ ਪਿਤਾ ਮਹਾਰਾਜਾ ਅਜ ਦੇ ਨਾਂ 'ਤੇ ਬਣਿਆ 'ਅਜਸਾਗਰ'। ਅੱਜ ਸਾਗਰ ਨੂੰ ਕੁੱਝ ਵਿਕਾਸਪ੍ਰਸਤਾਂ ਨੇ ਲਗਭਗ ਭਰ ਕੇ ਸਾਹ ਲਿਆ ਹੈ। ਸੁਨਾਮ ਵਿਖੇ 'ਸੀਤਾਸਰ', ਇਹ ਕਾਫ਼ੀ ਵੱਡਾ ਤਾਲਾਬ ਹੈ, ਇਸਦੇ ਇੱਕ ਪਾਸੇ ਮੰਦਰ ਅਤੇ ਦੂਜੇ ਪਾਸੇ ਗੁਰਦੁਆਰਾ ਹੈ। ਘੜੂੰਆਂ ਵਿਖੇ ਵੀ ਇੱਕ ਵਿਸ਼ਾਲ ਤਾਲਾਬ ਹੈ ਜਿਹੜਾ ਲਗਭਗ 2000 ਸਾਲ ਪੁਰਾਣਾ ਹੈ। ਅੱਜ ਵੀ ਇਸਦੇ ਕਿਨਾਰੇ ਬਹੁਤ ਸੋਹਣੇ ਅਤੇ ਪ੍ਰਾਚੀਨ ਪੰਜ ਮੰਦਰ ਤੋੜ ਭੰਨ ਕੀਤੇ ਗਏ ਭਾਰਤ ਤੋਂ ਪਹਿਲਾਂ ਦੀ ਸ਼ਾਨ ਦਰਸਾਉਂਦੇ ਹਨ। ਦਸੂਹਾ ਵਿਖੇ ਪਾਂਡੂਸਰ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਾਜੇ ਦਾ ਤਾਲ ਅਤੇ ਬੋਪਾਰਾਏ ਕਲਾਂ ਵਿੱਚ ਲਗਭਗ ਇੱਕ ਹਜ਼ਾਰ ਸਾਲ ਪੁਰਾਣੇ ਸੋਹਣੇ ਤਾਲਾਬ ਹਨ। ਪਿੰਡ ਚਾਮੁੰਡਾ (ਜਿਹੜਾ ਪਾਕਿਸਤਾਨੀ ਖਿਡਾਰੀ ਵਸੀਮ ਅਕਰਮ ਦੇ ਪਿਓ ਦਾ ਪਿੰਡ ਹੋਣ ਕਰਕੇ ਖ਼ਬਰਾਂ 'ਚ ਆਇਆ ਹੈ) ਵਿਖੇ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਬੇਹੱਦ ਸ਼ਾਨਦਾਰ ਤਾਲਾਬ ਸੀ। ਪੋਸਟਰਾਂ ਅਤੇ ਫਲੈਕਸੋ ਦੇ ਹੋਰਡਿੰਗਜ਼ ਦੇ ਉੱਤੇ ਹੀ ਸਾਰਾ ਵਿਰਸਾ ਸੰਭਾਲਣ ਵਾਲੇ ਉੱਚ ਸਿੱਖਿਆ ਪ੍ਰਾਪਤ ਪ੍ਰਗਤੀਸ਼ੀਲਾਂ ਨੇ ਇਹ ਇੱਟਾਂ ਉਖਾੜ ਕੇ ਇੱਥੇ ਵੀ ਹੁਣ ਉਹੀ ਪੱਥਰ ਲਗਾ ਦਿੱਤਾ ਹੈ ਜਿਹੜਾ ਸਾਡੇ ਟਾਇਲਟਾਂ, ਬਾਥਰੂਮਾਂ, ਰਸੋਈਆਂ 'ਚੋਂ ਹੁੰਦਾ ਹੋਇਆ ਅੱਜ ਹਰੇਕ ਭਾਈਚਾਰੇ ਦੀ ਧਾਰਮਿਕ ਇਮਾਰਤ 'ਤੇ ਲੱਗਿਆ ਦਿਸਦਾ ਹੈ। ਇਨ੍ਹਾਂ ਧਾਰਮਿਕ ਇਮਾਰਤਾਂ ਉੱਤੇ ਲੱਗੇ ਖ਼ਤਰਨਾਕ ਰੜ੍ਹਦੇ ਗ੍ਰੇਨਾਈਟ ਉੱਤੇ ਜਦੋਂ ਮੀਂਹ ਦਾ ਪਾਣੀ ਡਿਗਦਾ ਹੈ ਤਾਂ ਧੁਖਦੇ ਤਵੇ 'ਤੇ ਡਿਗਦੇ ਪਾਣੀ ਦੀ ਤਰ੍ਹਾਂ ਛੰਨ..... ਕਰਕੇ ਉੱਡ ਜਾਂਦਾ ਹੈ।

ਇਸੇ ਤਰ੍ਹਾਂ ਦਾ ਇੱਕ ਹੋਰ ਸੋਹਣਾ ਤਾਲਾਬ ਕਾਹਨਗੜ੍ਹ ਵਿਖੇ ਵੀ ਹੈ। ਅਟਾਰੀ ਵਿਖੇ ਵੀ ਢੰਡ ਕਸੇਲ ਤਾਲਾਬ ਖ਼ਾਸਾ ਮਸ਼ਹੂਰ ਹੈ। ਬਟਾਲਾ ਵਿਖੇ ਵੀ ਅਕਬਰ ਦਾ ਬਣਵਾਇਆ ਇੱਕ ਤਾਲਾਬ ਹਾਲੇ ਜਿਊਂਦਾ ਹੈ। ਨਾਭਾ ਵਿਖੇ-ਹਾਥੀਖਾਨਾ, ਪ੍ਰੀਤਨਗਰ ਵਿੱਚ ਵੀ ਬੜੇ ਵੱਡੇ-ਵੱਡੇ ਤਾਲਾਬ ਸਨ। ਇਸੇ ਤਰ੍ਹਾਂ ਸੰਗਰੂਰ ਦੇ ਚਾਰੋਂ ਪਾਸੇ ਬੜੇ ਸੁੰਦਰ ਤਾਲਾਬ ਸਨ। ਬਨਕਸਰ ਬਾਗ਼ ਵੀ ਉਨ੍ਹਾਂ ਤਾਲਾਬਾਂ ਦੀਆਂ ਬਚੀਆਂ ਯਾਦਾਂ ਵਿੱਚੋਂ ਇੱਕ ਤਾਲਾਬ ਦੀ ਹੀ ਨਿਸ਼ਾਨੀ ਹੈ। ਸੰਗਰੂਰ ਵਿਖੇ ਹੀ ਜਿੱਥੇ ਹੁਣ ਨੈਣਾਂ ਦੇਵੀ ਮੰਦਰ ਅਤੇ ਦੁਕਾਨਾਂ ਦੀ ਲੰਮੀ ਡਾਰ ਦਿਸਦੀ ਹੈ ਉੱਥੇ ਵੀ ਬੜਾ ਵੱਡਾ ਅਤੇ ਡੂੰਘਾ ਤਾਲਾਬ ਸੀ। ਝੁਨੀਰ, ਮਾਨਸਾ, ਪਟਿਆਲਾ ਦੇ ਮੁੱਖ ਮਾਰਗਾਂ 'ਤੇ ਬੜੇ ਸੋਹਣੇ ਤਾਲਾਬ ਸਨ। ਮਾਲੇਰਕੋਟਲਾ-ਲੁਧਿਆਣਾ ਰੋਡ 'ਤੇ ਡੇਹਲੋਂ ਵਿਖੇ ਸ਼ਿਵ ਮੰਦਰ ਦੇ ਲਾਗੇ ਇੱਕ ਸੋਹਣਾ ਤਾਲਾਬ ਸੀ ਜਿਹੜਾ ਹੁਣ ਵੱਡੇ ਟੋਭੇ ਵਾਂਗ ਦਿਸਦਾ ਹੈ। ਰਾਮਤੀਰਥ-ਅੰਮ੍ਰਿਤਸਰ ਵਿਖੇ ਮਹਾਂਰਿਸ਼ੀ ਵਾਲਮੀਕ ਜੀ ਦੇ ਸਮੇਂ ਦਾ ਤਾਲਾਬ ਹੈ-ਇੱਥੇ ਹੀ ਲਵ-ਕੁਸ਼ ਅਤੇ ਰਾਮਚੰਦਰ ਜੀ ਦੀ ਸੈਨਾ ਦਾ ਯੁੱਧ ਹੋਇਆ ਸੀ।

ਇਸੇ ਤਰ੍ਹਾਂ ਗੁਰਦਾਸਪੁਰ ਵਿਖੇ ਸਤਲਾਨੀ ਤਾਲ, ਸ਼੍ਰੀ ਤਖ਼ਤਗੜ੍ਹ ਸਾਹਿਬ, ਬਿਬੇਕਸਰ, ਸੰਤੋਖਸਰ ਵਿਖੇ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਦੁਆਰਾ ਬਣਵਾਏ ਪੁਰਾਣੇ ਤਾਲਾਬ ਹਨ। ਚਮਿਆਰੀ-ਅਜਨਾਲਾ, ਸੈਲਾ ਖੁਰਦ-ਹੁਸ਼ਿਆਰਪੁਰ ਵਿਖੇ ਵੀ ਵੱਡੇ-ਵੱਡੇ ਪ੍ਰਾਚੀਨ ਤਾਲਾਬ ਹਨ। ਗੁਰੂ ਕੀ ਢਾਬ-ਜੈਤੋ, ਮੱਤੇ ਕੀ ਢਾਬ-ਫ਼ਰੀਦਕੋਟ ਵਿਖੇ ਖਿਦਰਾਣਾ, ਰੁਪਾਣਾ ਅਤੇ ਤਿੰਘਾਣਾ ਨਾਂ ਦੇ ਤਿੰਨ ਭਰਾਵਾਂ ਨੇ ਕਈ ਸਾਰੇ ਤਾਲਾਬ ਬਣਵਾਏ ਸਨ।

ਗੋਇੰਦਵਾਲ-ਅੰਮ੍ਰਿਤਸਰ ਵਿਖੇ ਵੀ ਬਾਓਲੀਆਂ ਦੀ ਸੁੰਦਰ ਲੜੀ ਹੈ। ਚੂਨਾ ਮੰਡੀ ਲਾਹੌਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਣਵਾਈ ਬਾਓਲੀ ਅੱਜ ਵੀ ਆਪਣੀ ਕੁੱਖ ਵਿੱਚ ਸਰਬੱਤ ਦਾ ਭਲਾ ਚਾਹੁਣ ਦੇ ਬਾਵਜੂਦ ਸ਼ਹੀਦ ਕਰ ਦਿੱਤੇ ਗਏ ਸਾਡੇ ਗੁਰੂਜਨਾਂ ਦੀਆਂ ਯਾਦਾਂ ਲੁਕਾ ਕੇ ਬੈਠੀ ਹੈ। ਪੰਡੋਰੀ-ਗੁਰਦਾਸਪੁਰ, ਬੱਦਾ ਝੀਲ-ਫ਼ਾਜ਼ਿਲਕਾ ਦੇ ਤਾਲਾਬ ਲਗਭਗ ਸਵਾ ਦੋ ਏਕੜ ਰਕ+ਬੇ ਵਿੱਚ ਬਣੇ ਵਿਸ਼ਾਲ ਤਾਲਾਬ ਹਨ। ਫ਼ਿਰੋਜ਼ਪੁਰ ਵਿਖੇ ਲਗਭਗ 1000 ਹੈਕਟੇਅਰ 'ਚ ਛਾਂਗਲੀ ਢਾਬ ਹੈ।

ਕਸ਼ਮੀਰੀ ਸ਼ਰਨਾਰਥੀਆਂ ਦੀ ਤਰ੍ਹਾਂ ਅੱਜ ਵੀ ਅਨੇਕ ਵੰਨ-ਸੁਵੰਨੇ ਤਾਲਾਬ ਇੱਧਰ-ਉੱਧਰ ਖਿੰਡੇ ਪਏ ਹਨ ਜਿਨ੍ਹਾਂ ਵਿਚੋਂ ਧਰਮਕੋਟ ਧਾਮ-ਡੇਰਾ ਬਾਬਾ ਨਾਨਕ, ਜਸਤਰਵਾਲ ਝੀਲ, ਬਰੇਟਾ ਝੀਲ-ਮਾਨਸਾ, ਕਾਹਨਵਾਲ ਛੰਬ-ਗੁਰਦਾਸਪੁਰ, ਕੇਸ਼ਵਪੁਰ ਮਧਾਨੀ-ਗੁਰਦਾਸਪੁਰ, ਨਾਰਾਇਣਗੜ੍ਹ-ਹੁਸ਼ਿਆਰਪੁਰ, ਸ਼ੀਤਲਸਾਗਰ-ਹੁਸ਼ਿਆਰਪੁਰ, ਲੁਬਾਣਾ ਝੀਲ-ਨਾਭਾ, ਭੁਪਿੰਦਰ ਸਾਗਰ-ਪਟਿਆਲਾ, ਜੰਗਰ-ਫ਼ਿਰੋਜ਼ਪੁਰ, ਗੰਗ ਬਾਕਿਸ-ਫ਼ਿਰੋਜ਼ਪੁਰ, ਗੌਂਸਪੁਰ ਛੰਬ-ਹੁਸ਼ਿਆਰਪੁਰ, ਮਾਛੀਵਾੜਾ ਵਿਖੇ ਅੱਜ ਵੀ ਕਈ ਬਾਓਲੀਆਂ ਸ਼ਰਧਾਲੂਆਂ ਦੁਆਰਾ ਕੀਤੀ ਜਾਣ ਵਾਲੀ ਕਾਰ ਸੇਵਾ ਦੀ ਉਡੀਕ ਵਿੱਚ ਹਨ। ਰਬਾਬਸਰ-ਕਪੂਰਥਲਾ ਵਿਖੇ ਸੈਂਕੜੇ ਹੈਕਟੇਅਰ ਵਿੱਚ ਬਣਿਆ ਉਹ ਤਾਲਾਬ ਹੈ, ਜਿਸ ਨਾਲ ਭਾਈ ਮਰਦਾਨੇ ਦੀਆਂ ਅਨੇਕ ਯਾਦਾਂ ਜੁੜੀਆਂ ਹਨ। ਰਬਾਬਸਰ ਬਾਰੇ ਕਿਹਾ ਜਾਂਦਾ ਹੈ ਇੱਥੇ ਭਾਈ ਮਰਦਾਨੇ ਨੂੰ ਰਬਾਬ ਮਿਲੀ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਲਾਬ ਉਹ ਹਨ ਜਿਹੜੇ ਬਾਅਦ ਵਿੱਚ ਮਹਾਨ ਤੀਰਥ ਸਥਾਨ ਬਣੇ ਜਿਵੇਂ ਸ਼੍ਰੀ ਕੌਲਸਰ, ਸ਼੍ਰੀ ਅੰਮ੍ਰਿਤਸਰ, ਸੰਤੋਖਸਰ, ਬਿਬੇਕਸਰ, ਰਾਮਸਰ ਅਤੇ ਲਛਮਣਸਰ।

ਅਜਿਹੇ ਹੀ ਸੋਹਣੇ ਤਾਲਾਬਾਂ ਨੂੰ ਵੇਖਦੇ ਹੋਏ 11ਵੀਂ ਸਦੀ ਵਿੱਚ ਆਏ ਅਲਬਰੂਨੀ (ਵਿਦੇਸ਼ੀ ਯਾਤਰੀ) ਨੇ ਆਪਣੀ ਪੁਸਤਕ 'ਅਲਹਿੰਦ' ਵਿੱਚ ਲਿਖਿਆ,''.... ਜਦੋਂ ਸਾਡੇ ਲੋਕ ਹਿੰਦ ਦੇ ਤਾਲਾਬਾਂ ਨੂੰ ਵੇਖਦੇ ਹਨ ਤਾਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। ਅਜਿਹੇ ਤਾਲਾਬਾਂ ਦਾ ਨਿਰਮਾਣ ਤਾਂ ਦੂਰ, ਉਹ ਉਨ੍ਹਾਂ ਬਾਰੇ ਠੀਕ ਢੰਗ ਨਾਲ ਗੱਲ ਵੀ ਨਹੀਂ ਕਰ ਸਕਦੇ।''

ਛੱਪੜ ਪਿੰਡਾਂ ਦੇ ਨੇੜੇ ਹੀ ਬਣਾਏ ਜਾਂਦੇ ਸਨ, ਤਾਂ ਜੋ ਪਾਣੀ ਤੋਂ ਇਲਾਵਾ ਛੱਪੜਾਂ ਦੀ ਮਿੱਟੀ ਦਾ ਇਸਤੇਮਾਲ ਵੀ ਲਿੱਪਣ-ਪੋਚਣ ਵਾਸਤੇ ਕੀਤਾ ਜਾ ਸਕੇ। ਗਰਮੀਆਂ ਦੇ ਮੌਸਮ ਵਿੱਚ ਜਦੋਂ ਛੱਪੜਾਂ ਦਾ ਪਾਣੀ ਉੱਡਣ ਲਗਦਾ ਤਾਂ ਹੋਰਨਾਂ ਸਰੋਤਾਂ ਰਾਹੀਂ ਇਨ੍ਹਾਂ ਨੂੰ ਫੇਰ ਭਰ ਦਿੱਤਾ ਜਾਂਦਾ। ਪਰ ਤਪਦੀਆਂ ਲੂਆਂ ਵਿੱਚ ਛੱਪੜ ਫੇਰ ਖ਼ਾਲੀ ਹੋਣ ਲੱਗ ਜਾਂਦੇ। ਫੇਰ ਮੀਂਹ ਨੂੰ ਛੇਤੀ ਬੁਲਾਉਣ ਵਾਲੇ ਗੀਤ ਗਾਏ ਜਾਂਦੇ। ਛੱਪੜਾਂ ਦੇ ਕੰਢਿਆਂ ਉੱਤੇ ਚੌਲਾਂ ਦੀਆਂ ਦੇਗਾਂ ਉਤਾਰੀਆਂ ਜਾਂਦੀਆਂ। ਨਿੱਕੇ-ਬੱਚੇ ਗਲੀਆਂ ਵਿੱਚ ਗੀਤ ਗਾਉਂਦੇ ਫਿਰਦੇ, 'ਰੱਬਾ-ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ', 'ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾ ਦੇ ਜ਼ੋਰੋ ਜ਼ੋਰ।' ਛੱਪੜ ਪਿੰਡ ਦੀ ਧੜਕਣ ਹੁੰਦਾ। ਅਕਸਰ ਇਨ੍ਹਾਂ ਛੱਪੜਾਂ ਦੇ ਕੋਲ ਮਾਤਾ ਦੇ ਥਾਨ ਹੁੰਦੇ, ਜਿੱਥੇ ਬੱਚਿਆਂ ਦੇ ਚੇਚਕ ਨਿੱਕਲਣ ਤੋਂ ਬਾਅਦ ਮੱਥੇ ਟਿਕਾਏ ਜਾਂਦੇ। ਛੱਪੜਾਂ ਦੇ ਚਾਰੋ ਪਾਸੇ ਸੰਘਣੇ ਦਰੱਖ਼ਤ ਹੁੰਦੇ ਜਿੱਥੇ ਪਾਲੀ ਆਪਣੇ ਡੰਗਰਾਂ ਨੂੰ ਖੁੱਲ੍ਹਾ ਛੱਡ ਕੁੱਝ ਨਾ ਕੁੱਝ ਖੇਡਾਂ ਖੇਡਦੇ ਰਹਿੰਦੇ।

ਢਾਬਾਂ ਛੱਪੜਾਂ ਤੋਂ ਥੋੜ੍ਹੀਆਂ ਵੱਡੀਆਂ ਅਤੇ ਗਹਿਰੀਆਂ ਹੁੰਦੀਆਂ। ਇਨ੍ਹਾਂ ਵਿੱਚ ਲੰਬਾਈ-ਚੌੜਾਈ ਦੀ ਗੱਲ ਨਹੀਂ ਸੀ ਹੁੰਦੀ, ਬਲਕਿ ਇਹੋ ਆਸਥਾ ਹੁੰਦੀ ਕਿ ਇਸਦਾ ਪਾਣੀ ਕਦੀ ਸੁੱਕਦਾ ਨਹੀਂ। ਢਾਬ ਦਾ ਪਾਣੀ ਹਮੇਸ਼ਾ ਨਿਰਮਲ ਰਹੇ, ਇਸ ਲਈ ਉਸ ਵਿੱਚ ਮੱਛੀਆਂ ਛੱਡੀਆਂ ਜਾਂਦੀਆਂ। ਸੰਝ ਵੇਲੇ ਬੱਚੇ ਘਰਾਂ 'ਚੋਂ ਆਪਣੇ ਨਾਲ ਆਟੇ ਦੀਆਂ ਗੋਲੀਆਂ ਵੱਟ ਕੇ ਲਿਆਉਂਦੇ ਅਤੇ ਮੱਛੀਆਂ ਨੂੰ ਪਾਉਂਦੇ। ਮੱਛੀਆਂ ਵੀ ਜਿਵੇਂ ਉਨ੍ਹਾਂ ਦੀ ਉਡੀਕ 'ਚ ਰਹਿੰਦੀਆਂ। ਉਦੋਂ ਲੋਕਾਂ ਦੇ ਦਿਲਾਂ ਵਿੱਚ ਖੋਰ ਨਹੀਂ ਸੀ ਹੁੰਦਾ, ਅੱਜ ਵਾਂਗ ਲੋਕੀ ਮਾਸਖੋਰ ਨਹੀਂ ਸਨ ਹੁੰਦੇ। ਹੁਣ ਤਾਂ ਗਰਾਂਟਾਂ ਡਕਾਰਨ ਤੋਂ ਬਾਅਦ ਵੀ ਮਾਨਸਿਕ ਤੌਰ 'ਤੇ ਪਿੰਡਾਂ ਦੀਆਂ ਕੰਗਾਲ ਪੰਚਾਇਤਾਂ ਬਚੇ-ਖੁਚੇ ਟੋਭੇ ਸਿਰਫ਼ ਕਸਾਈਆਂ ਨੂੰ ਹੀ ਠੇਕੇ 'ਤੇ ਦਿੰਦੀਆਂ ਹਨ। ਕਾਸ਼! ਕੋਈ ਸਰਕਾਰ ਸਿਰਫ਼ ਟੋਭੇ, ਢਾਬਾਂ, ਛੱਪੜਾਂ ਦੀ ਰਾਖੀ ਕਰਨ ਵਾਲੀਆਂ ਪੰਚਾਇਤਾਂ ਨੂੰ ਹੀ ਗਰਾਂਟ ਦੇਵੇ।

ਢਾਬ ਦੇ ਕੋਲ ਹੀ ਰੋਜ਼ਾਨਾ ਦੇ ਕੰਮਾਂ ਦੀ ਗਹਿਮਾ-ਗਹਿਮੀ ਰਹਿੰਦੀ। ਤਰਖਾਣ, ਪਥੇਰੇ, ਘੁਮਿਆਰ, ਮੋਚੀ ਵਗ਼ੈਰਾ ਤਾਂ ਜਿਵੇਂ ਢਾਬ ਦਾ ਹੀ ਹਿੱਸਾ ਹੁੰਦੇ। ਖ਼ੁਸ਼ੀ-ਗ਼ਮੀ ਦੀਆਂ ਸਭ ਰਸਮਾਂ ਵਿੱਚ ਢਾਬਾਂ ਦੇ ਕੰਢੇ ਦੀ ਮਿੱਟੀ ਕੱਢੀ ਜਾਂਦੀ ਤਾਂ ਜੋ ਢਾਬ ਹੌਲੀ-ਹੌਲੀ ਹੋਰ ਗਹਿਰੀ ਹੋ ਸਕੇ ਅਤੇ ਪਿੰਡ ਦਾ ਜੀਵਨ ਜ਼ਿਆਦਾ ਲੰਮਾ ਹੋ ਸਕੇ। ਪਰ ਹੁਣ ਬੁੱਧੀਜੀਵੀਆਂ ਦੇ ਤੇਜ਼ਾਬੀ ਤਰਕਾਂ ਦੇ ਛਿੱਟਿਆਂ ਨਾਲ ਲੋਕ-ਰੀਤਾਂ ਦੀ ਇਹ ਫੁਲਕਾਰੀ ਛਿੱਦੀ ਹੋ ਚੱਲੀ ਹੈ, ਹੁਣ ਇਨ੍ਹਾਂ ਰਸਮਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਢਾਬ ਦੇ ਲਾਗੇ ਹੀ ਠਾਕਰ ਦੁਆਰਾ, ਸ਼ਿਵਾਲਾ, ਦੇਵੀ ਦੁਆਰਾ ਜਾਂ ਥਾਨ (ਦੇਵਤੇ ਦਾ ਸਥਾਨ) ਹੁੰਦਾ। ਪਰ ਜਦੋਂ ਨਹਿਰਾਂ ਨਿੱਕਲੀਆਂ ਤਾਂ ਇਨ੍ਹਾਂ ਸਾਰੇ ਜਲ ਸਰੋਤਾਂ ਪਾਸੋਂ ਮੂੰਹ ਮੋੜ ਲਿਆ ਗਿਆ। ਨਵੀਂ ਪੀੜ੍ਹੀ ਨੇ ਬਿਲਕੁਲ ਹੀ ਇਨ੍ਹਾਂ ਦੀ ਉਪਯੋਗਤਾ ਬੇਕਾਰ ਮੰਨ ਲਈ। ਬੇਸ਼ੱਕ ਉਹ ਦੂਰ-ਦੁਰਾਡੇ ਦੇ ਪਿੰਡਾਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਵੇਖਣ ਆਉਂਦੇ ਹੋਣ, ਪਰ ਆਪਣੇ ਪਿੰਡਾਂ ਦੀਆਂ ਢਾਬਾਂ ਨੂੰ ਝੀਲਾਂ 'ਚ ਬਦਲਣ ਦਾ ਨਾ ਹੀ ਖ਼ਿਆਲ ਉਨ੍ਹਾਂ ਦੇ ਦਿਲਾਂ ਵਿੱਚ ਕਦੀ ਆਇਆ ਅਤੇ ਨਾ ਸਾਡੇ ਕ+ਬਿਲ ਪ੍ਰਗਤੀਸ਼ੀਲ ਵੀਰਾਂ ਨੇ ਉਨ੍ਹਾਂ ਨੂੰ ਇਨ੍ਹਾਂ ਢਾਬਾਂ, ਟੋਭਿਆਂ ਅਤੇ ਛੱਪੜਾਂ ਦਾ ਮਹੱਤਵ ਸਮਝਾਇਆ ਜਿਹੜੇ ਤਰਕਾਂ ਦੀ ਵਕਾਲਤ ਦੇ ਬਾਵਜੂਦ ਪਾਣੀ ਦਾ ਹੋਰ ਕੋਈ ਵੀ ਵਿਕਲਪ ਅਜੇ ਤੱਕ ਨਹੀਂ ਸਮਝਾ ਸਕੇ ਹਨ। ਨਦੀ ਅਤੇ ਨਹਿਰ ਦਾ ਬੁਨਿਆਦੀ ਫ਼ਰਕ ਇਹ ਹੈ ਕਿ ਨਦੀ ਜ਼ਿਆਦਾਤਰ ਜ਼ਮੀਨ ਦੇ ਹੇਠਾਂ ਵਗਦੀ ਹੈ, ਦਿਖਦੀ ਭਾਵੇਂ ਉੱਪਰ ਹੀ ਹੈ। ਹੇਠਾਂ ਵਗਣ ਕਾਰਣ ਨਦੀ ਦੇ ਆਲੇ-ਦੁਆਲੇ ਦੀ ਜ਼ਮੀਨ ਸਦਾ ਉਪਜਾਊ ਰਹਿੰਦੀ ਹੈ। ਨਹਿਰ ਹੇਠਾਂ ਨਹੀਂ ਵਗਦੀ, ਉਸਦਾ ਜ਼ਿਆਦਾਤਰ ਪਾਣੀ ਬੇਕਾਰ ਜਾਂਦਾ ਹੈ। ਨਵੀਂ ਪੀੜ੍ਹੀ ਨੇ ਵੀ ਤਾਲਾਬਾਂ ਜਿਹੀਆਂ ਪਾਣੀ ਦੀਆਂ ਕੁਦਰਤੀ ਬੁੱਕਾਂ ਨੂੰ ਭਰ ਕੇ ਸਿਰਫ਼ ਮਹਿੰਗੇ ਪਲਾਟਾਂ ਦੀ ਸ਼ਕਲ ਵਿੱਚ ਦੇਖਣਾ ਹੀ ਪਸੰਦ ਕੀਤਾ। ਉਨ੍ਹਾਂ ਨੇ ਇਹ ਮੰਨ ਹੀ ਲਿਆ ਹੈ ਕਿ ਧਰਤੀ ਦਾ 'ਪਲਾਟਾਂ ਤੋਂ ਇਲਾਵਾ ਸ਼ਾਇਦ ਹੋਰ ਕੋਈ ਮੁੱਲ ਹੀ ਨਹੀਂ ਹੁੰਦਾ।'

ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਹੜ੍ਹਾਂ ਦਾ ਇਤਿਹਾਸ ਵੀ ਪਾਣੀ ਦੇ ਕੁਦਰਤੀ ਸੋਮਿਆਂ ਦੇ ਖ਼ਾਤਮੇ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਮੀਂਹਾਂ ਦਾ ਬੇਸ਼ੁਮਾਰ ਪਾਣੀ ਆਪਣੀ ਬੁੱਕ ਵਿੱਚ ਭਰਨ ਵਾਲੇ ਇਹ ਸੋਮੇ ਅੱਜ ਬੇ-ਕਦਰੀ ਦੇ ਪਾਲੀਥੀਨੀ ਗਾਰੇ ਨਾਲ ਭਰੇ ਜਾ ਰਹੇ ਹਨ। ਸਰਕਾਰਾਂ ਕੋਲ ਵੀ ਹੜ੍ਹਾਂ ਤੋਂ ਬਚਣ ਦਾ ਇੱਕੋ ਉਪਾਅ ਹੈ ਕਿ ਜਦੋਂ ਵੀ ਬਰਸਾਤ ਵੱਧ ਹੋਵੇ ਤਾਂ ਡੈਮਾਂ ਨੂੰ ਬਚਾਉਣ ਵਾਸਤੇ ਡੈਮ ਦੇ ਦਰਵਾਜ਼ੇ ਖੋਲ੍ਹ ਕਿਸੇ ਵੀ ਸ਼ਹਿਰ ਨੂੰ ਡੁਬੋ ਕੇ ਹੜ੍ਹ ਤੋਂ ਨਿਜਾਤ ਪਾ ਲਈ ਜਾਵੇ।

.ਜਿੱਥੇ ਵੀ ਪਾਣੀ ਦਾ ਚੋਅ ਡੂੰਘਾ ਹੁੰਦਾ ਜਾਂ ਕਿਸੇ ਇਲਾਕੇ ਦਾ ਪਾਣੀ ਖਾਰਾ ਹੁੰਦਾ, ਖੂਹ ਪੁੱਟਣਾ ਮਹਿੰਗਾ ਹੁੰਦਾ, ਉੱਥੇ ਪਿੰਡ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਡਿੱਗੀਆਂ ਬਣਾਈਆਂ ਜਾਂਦੀਆਂ ਸਨ। ਮਾਲਵਾ ਖੇਤਰ ਦੇ ਸੰਗਰੂਰ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ ਆਦਿ ਕਈ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਟੁੱਟੀਆਂ-ਫੁੱਟੀਆਂ ਡਿੱਗੀਆਂ ਦੇ 'ਫੁੱਲ' ਅੱਜ ਵੀ ਦੇਖਣ ਨੂੰ ਮਿਲ ਜਾਣਗੇ। ਅੰਬਾਲਾ 'ਚ ਵੀ ਦੋ ਬਹੁਤ ਵੱਡੀਆਂ ਡਿੱਗੀਆਂ ਸਨ। ਇੱਕ ਡਿੱਗੀ ਉੱਤੇ ਤਾਂ ਹੁਣ ਅੰਬਾਲੇ ਦਾ ਬਸ ਅੱਡਾ ਹੈ। ਦੂਜੀ ਡਿੱਗੀ ਜਿਹੜੀ ਐਸ. ਡੀ. ਕਾਲਜ ਦੇ ਪਿੱਛੇ ਸੀ, ਉਸਨੂੰ ਵੀ ਪਾਲੀਥੀਨ ਸਮੇਤ ਹੋਰਨਾਂ 'ਸਟੇਟਸ' ਵਾਲੇ ਪਦਾਰਥਾਂ ਨਾਲ ਭਰ ਕੇ ਪਾਰਕ ਬਣਾ ਦਿੱਤਾ ਗਿਆ ਹੈ। ਮਹੇਸ਼ ਨਗਰ ਅੰਬਾਲਾ ਨਿਵਾਸੀ ਸ਼੍ਰੀ ਕਸ਼ਮੀਰੀ ਲਾਲ ਧੀਮਾਨ ਜੀ ਨੇ ਦੱਸਿਆ ਕਿ ਇਸ ਡਿੱਗੀ ਦੀ ਗਹਿਰਾਈ ਦੋ ਹਾਥੀਆਂ ਜਿੰਨੀ ਸੀ। ਦੁਸਹਿਰੇ ਵਾਲੇ ਦਿਨ ਰਾਮ ਜੀ ਦੀ ਸਵਾਰੀ ਲਈ ਸ਼ਿੰਗਾਰੇ ਜਾਣ ਵਾਲੇ ਹਾਥੀਆਂ ਨੂੰ ਪਹਿਲਾਂ ਇੱਥੇ ਹੀ ਇਸ਼ਨਾਨ ਕਰਵਾਇਆ ਜਾਂਦਾ ਸੀ। ਡਿੱਗੀਆਂ ਕੱਚੀਆਂ-ਪੱਕੀਆਂ ਦੋਵੇਂ ਤਰ੍ਹਾਂ ਦੀਆਂ ਹੁੰਦੀਆਂ ਸਨ। ਡੰਗਰਾਂ ਲਈ ਵੱਖ ਡਿੱਗੀਆਂ ਹੁੰਦੀਆਂ ਸਨ। ਜਿੱਥੇ ਪਾਣੀ ਦਾ ਪੱਧਰ ਜ਼ਿਆਦਾ ਗਹਿਰਾ ਹੁੰਦਾ, ਉੱਥੇ ਪਸ਼ੂ ਅਤੇ ਲੋਕਾਂ ਦੀ ਸਾਂਝੀ ਡਿੱਗੀ ਹੁੰਦੀ। ਉੱਥੇ ਪਾਣੀ ਦੀ ਵਰਤੋਂ ਬੇਹੱਦ ਕਿਫ਼ਾਇਤ ਨਾਲ ਦੇਸੀ ਘਿਉ ਦੀ ਤਰ੍ਹਾਂ ਕੀਤੀ ਜਾਂਦੀ। ਉੱਥੇ ਪਸ਼ੂਆਂ ਨੂੰ ਅੱਜ ਵਾਂਗ ਟਰੱਕਾਂ-ਟੈਂਪੂਆਂ ਵਾਂਗ ਧੋਤਾ ਨਹੀਂ ਸੀ ਜਾਂਦਾ ਅਤੇ ਨਾ ਹੀ ਲੱਖਾਂ ਯੂਨਿਟ ਬਿਜਲੀ ਅਤੇ ਡੀਜ਼ਲ ਦੇ ਖ਼ਰਚੇ ਪਾਏ ਜਾਂਦੇ ਸਨ। ਉਦੋਂ ਪਸ਼ੂ ਅਤੇ ਲੋਕ ਦੋਵੇਂ ਸਰਲ ਸਨ। ਉਦੋਂ ਪਸ਼ੂ ਆਦਮੀ ਦੀ ਸੋਹਬਤ ਵਿੱਚ ਰਹਿ ਕੇ ਵਿਗੜੇ ਨਹੀਂ ਸਨ। ਹੁਣ ਤਾਂ ਮਧੂਮੱਖੀਆਂ ਵੀ ਗੁੜ ਵਾਲੀਆਂ ਸੜੀਆਂ ਬੋਰੀਆਂ, ਟੌਫ਼ੀਆਂ ਦੀ ਚਿਪਚਿਪੀ ਪੈਕਿੰਗ ਅਤੇ ਘਟੀਆ ਚੀਨੀ ਖਾ-ਖਾ ਕੇ ਅਸਲੀ ਸ਼ਹਿਦ ਬਣਾਉਣ ਦੀ ਕਲਾ ਅਤੇ ਫੁੱਲਾਂ ਦਾ ਸੁਆਦ ਵੀ ਭੁੱਲ ਚੁੱਕੀਆਂ ਹਨ।

ਸ਼ਹਿਦ ਵਿੱਚ ਤੰਦਰੁਸਤੀ ਲੱਭਣ ਵਾਲੇ ਲੋਕੀ ਵੀ ਹੁਣ ਸਿਰਫ਼ ਸੜੀਆਂ ਗਲ਼ੀਆਂ ਟੌਫ਼ੀਆਂ ਦੀ ਚਾਸ਼ਨੀ ਹੀ ਚੱਟਦੇ ਹਨ। ਉਦੋਂ ਜ਼ਿੰਦਗੀ ਦੇ ਜ਼ਿਆਦਾਤਰ ਕੰਮ ਸੌਖੇ ਸਨ, ਅੱਜ ਵਾਂਗ ਔਖੇ ਨਹੀਂ ਸਨ ਹੋਏ। ਜਦੋਂ ਸਮਾਜ ਅਤੇ ਸੇਵਾ ਦੋ ਵੱਖੋ-ਵੱਖਰੇ ਸ਼ਬਦਾਂ ਵਾਂਗ ਦੋਫਾੜ ਹੋ ਜਾਣ ਤਾਂ ਫੇਰ ਖ਼ਾਲੀ ਹੋਈ ਜਗ੍ਹਾ ਵਿੱਚ ਸੋਸ਼ਲ ਵਰਕਰਾਂ ਦੀ ਘੁਸਪੈਠ ਹੁੰਦੀ ਹੈ, ਇਹੋ ਸੋਸ਼ਲ ਵਰਕਰ ਤਰੱਕੀ ਕਰਕੇ ਐਨ. ਜੀ. ਓ. ਬਣਦੇ ਹਨ ਅਤੇ ਫਿਰ ਐਨ. ਜੀ. ਓਜ਼ਨੂੰ ਲੱਭਣ ਲਈ ਸਮਾਜ ਦੀ ਥਾਂ ਕੰਪਿਊਟਰਾਂ ਦੀਆਂ ਵੈੱਬਸਾਈਟਾਂ ਖੋਲ੍ਹਣੀਆਂ ਪੈਂਦੀਆਂ ਹਨ।

ਖੂਹ ਦੋ ਤਰ੍ਹਾਂ ਦੇ ਹੁੰਦੇ ਸਨ, ਪੀਣ ਦੇ ਪਾਣੀ ਵਾਲੇ ਅਤੇ ਖੇਤਾਂ ਦੀ ਸਿੰਜਾਈ ਵਾਲੇ। ਆਪਣੇ ਇਸ ਖ਼ਿੱਤੇ ਵਿੱਚ ਸਿੰਜਾਈ ਵਾਲੇ ਖੂਹਾਂ ਦਾ ਇਤਿਹਾਸ ਈਸਾ ਤੋਂ ਵੀ ਸੈਂਕੜੇ ਵਰ੍ਹੇ ਪਹਿਲਾਂ ਦਾ ਹੈ। ਖੂਹਾਂ 'ਚੋਂ ਪਾਣੀ ਹਲਟਾਂ ਨਾਲ ਕੱਢਣ ਦੀ ਪ੍ਰੰਪਰਾ ਵੀ ਕਾਫ਼ੀ ਪ੍ਰਾਚੀਨ ਹੈ। ਖੂਹ ਪੁੱਟਣ ਲਈ ਸਭ ਲੋਕ ਮਦਦ ਕਰਦੇ ਸਨ। ਪੁਟਾਈ ਤੋਂ ਪਹਿਲਾਂ ਅਜਿਹੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਕਿ ਪਾਣੀ ਮਿੱਠਾ ਨਿੱਕਲੇ। ਉਸ ਸਮੇਂ ਦਾ ਸਮਾਜ ਸਭ ਲਈ ਸੀ, ਸਭ ਦਾ ਮੱਥਾ ਨਿਰਮਲ ਸੀ (ਕਿਸੇ ਦੇ ਵੀ ਮੱਥੇ ਵਿੱਚ ਅਜੀਬੋ ਗ਼ਰੀਬ ਵਿਕਾਸ ਦਾ ਗਾਰਾ ਨਹੀਂ ਸੀ ਭਰਿਆ) ਪਰ ਫੇਰ ਵੀ ਪਵਿੱਤਰ ਰਸਮਾਂ ਦੀਆਂ ਰਸਭਰੀਆਂ ਪ੍ਰੰਪਰਾਵਾਂ ਨਿਭਾਈਆਂ ਹੀ ਜਾਂਦੀਆਂ ਸਨ। ਪੁਟਾਈ ਦੇ ਪਹਿਲੇ ਟੱਕ ਨਾਲ ਹੀ ਗੁੜ, ਪਤਾਸੇ, ਮਿੱਠੇ ਚੌਲ ਜਾਂ ਲੱਡੂ ਵੰਡੇ ਜਾਂਦੇ। ਮਿਹਨਤਕਸ਼ਾਂ ਦੀ ਵੀ ਰੱਜਵੀਂ ਸੇਵਾ ਕੀਤੀ ਜਾਂਦੀ। ਖੂਹ ਦੀ ਪੁਟਾਈ ਦੇ ਪੂਰੇ ਸਮੇਂ ਬਜ਼ੁਰਗ ਆਲੇ-ਦੁਆਲੇ ਘੁੰਮਦੇ ਰਹਿੰਦੇ ਅਤੇ ਦੱਸਦੇ ਰਹਿੰਦੇ ਕਿ ਹੁਣ ਪਾਣੀ ਕਿੰਨਾ ਕੁ ਦੂਰ ਹੈ। ਖੂਹ ਦਾ ਘੇਰਾ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੇ ਸੁਭਾਅ ਦੇ ਅਨੁਸਾਰ ਹੁੰਦਾ। ਅੱਜ ਵਾਂਗ ਨਹੀਂ ਕਿ ਸਭ ਕੁੱਝ ਸਭ ਪਾਸੇ ਬੀਜਦੇ ਜਾਓ। ਖੂਹ ਨੂੰ ਪਿੰਡ ਦੀ ਸੰਜੀਵਨੀ ਮੰਨਿਆ ਜਾਂਦਾ ਸੀ। ਜਿਉਂ ਹੀ ਖੂਹ ਬਣ ਕੇ ਤਿਆਰ ਹੁੰਦਾ, ਸਭ ਦੀ ਆਤਮਾ ਵਿੱਚ ਇੱਕ ਨਿੱਘੇ ਅਹਿਸਾਸ ਦੇ ਢੋਲ ਵੱਜ ਉੱਠਦੇ। ਖੂਹਾਂ ਦੇ ਆਲੇ-ਦੁਆਲੇ ਲੱਗੇ ਸੈਂਕੜੇ ਦਰੱਖ਼ਤਾਂ ਉੱਤੇ ਹਜ਼ਾਰਾਂ ਪਰਿੰਦੇ ਆਪਣੇ ਆਲ੍ਹਣੇ ਬਣਾਉਂਦੇ, ਇਹ ਦੌਰ ਉਹ ਸੀ ਜਦੋਂ ਸਭਨਾਂ ਥਾਵਾਂ ਦੇ ਲੋਕਾਂ ਦੇ ਦਿਲਾਂ ਵਿੱਚ ਸਰਬੱਤ ਦਾ ਭਲਾ ਚਾਹੁਣ ਦੇ ਨਾਮ ਦਾਨ ਦੀ ਕੁਦਰਤੀ ਬੂੰਦ ਪਈ ਹੋਈ ਸੀ, ਉਹ ਇਹ ਸਮਝਦੇ ਸਨ ਕਿ ''ਦਾਣਾ-ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ।'' ਹਜ਼ਾਰਾਂ ਪਰਿੰਦੇ ਉੱਥੇ ਹੀ ਦਾਣੇ ਚੁਗਦੇ, ਪਾਣੀ ਪੀਂਦੇ ਅਤੇ ਪੂਰਾ ਵਾਤਾਵਰਣ ਚਹਿਕਾਉਂਦੇ ਰਹਿੰਦੇ। ਉਦੋਂ ਪੰਛੀਆਂ ਨੂੰ ਮਾਰ ਕੇ ਖਾਣ ਵਾਲੀਆਂ ਗੁਲੇਲਾਂ ਨਹੀਂ ਸਨ ਬਣੀਆਂ (ਉਡਾਉਣ ਵਾਲੀਆਂ ਜ਼ਰੂਰ ਸਨ), ਨਾ ਹੀ ਅੱਜ ਵਾਂਗ ਮੈਰਿਜ ਪੈਲੇਸ ਬਣੇ ਸਨ ਜਿਨ੍ਹਾਂ ਦੇ ਮੀਨੂ ਕਾਰਡਾਂ ਵਿੱਚ ਬੱਕਰੇ, ਮੁਰਗ਼ੇ ਦੇ ਨਾਲ-ਨਾਲ ਕਬੂਤਰ, ਤਿੱਤਰ, ਬਟੇਰੇ ਅਤੇ ਖ਼ਰਗੋਸ਼ ਤੱਕ ਦਾ ਮਾਸ ਪਰੋਸੇ ਜਾਣ ਦੀ ਰੰਗਦਾਰ ਛਪਾਈ ਹੋਈ ਹੁੰਦੀ ਹੈ।

ਮੁਹੱਲਿਆਂ ਤੋਂ ਬਾਅਦ ਖੂਹ ਹੀ ਧੜਕਦੀਆਂ ਲੋਕ-ਰੀਤਾਂ ਦਾ ਕੇਂਦਰ ਹੁੰਦਾ ਸੀ। ਭਲੇ ਵਕਤਾਂ ਵਿੱਚ ਕਿਹਾ ਜਾਂਦਾ ਸੀ,'ਮੇਰੇ ਖੂਹ 'ਤੇ ਵਸਦਾ ਰੱਬ ਨੀਂ।' ਉਦੋਂ ਰੱਬ ਨੂੰ ਟੱਬ ਦੱਸਣ ਵਾਲਾ ਮੁਹਾਵਰਾ ਨਹੀਂ ਸੀ ਬਣਿਆ, ਨਾ ਹੀ ਵਿਕਾਸ ਦੇ ਏ. ਟੀ. ਐਮ. 'ਚੋਂ ਨਿੱਕਲੀ 'ਚੱਲ ਸਾਲਾ ਦੇਸੀ' ਜਿਹੀ ਗਾਲ੍ਹ ਹੁੰਦੀ ਸੀ। ਲਗਭਗ ਤੀਹ ਸਾਲ ਇਹ ਗਾਲ੍ਹ ਕੱਢਣ ਤੋਂ ਬਾਅਦ ਅਸੀਂ ਭੁੱਲ ਹੀ ਗਏ ਕਿ ਇਸ ਇੱਕ ਛੋਟੀ ਜਿਹੀ ਗਾਲ੍ਹ ਦੇ ਨਾਲ ਆਪਾਂ ਕੀ-ਕੀ ਗੁਆ ਚੁੱਕੇ ਹਾਂ। ਇਸ ਦੇਸੀ ਵਿੱਚ ਤਾਂ ਸਾਡੀ ਮਿੱਟੀ, ਪਾਣੀ, ਪਰਿੰਦੇ, ਪਸ਼ੂ, ਹਵਾ, ਤੰਦਰੁਸਤ ਲੋਕ ਜੀਵਨ, ਲੋਕ ਗੀਤ, ਲੋਕ ਸੰਗੀਤ, ਸਭ ਦੇ ਹਿੱਤ ਲਈ ਲਿਖਿਆ ਜਾਣ ਵਾਲਾ ਸਾਹਿਤ ਵੀ ਸ਼ਾਮਲ ਹੈ। ਗ਼ਲਤਫ਼ਹਿਮੀ ਵੱਖਰੀ ਚੀਜ਼ ਹੈ ਪਰ ਇਹ ਸਭ ਅਸੀਂ ਹੁਣ ਗੁਆ ਚੁੱਕੇ ਹਾਂ। ਹੁਣ ਤਾਂ ਸਾਡਾ ਖ਼ੂਨ ਵੀ ਦੇਸੀ ਨਹੀਂ ਰਿਹਾ। ਉਸਦੀ ਥਾਂ ਸਾਡੇ ਖ਼ੂਨ ਵਿੱਚ ਪੈਸਟੀਸਾਈਡ ਅਤੇ ਹੋਰਨਾਂ ਰਸਾਇਣਕ ਤੱਤਾਂ ਦੀ ਭਰਮਾਰ ਹੋ ਚੱਲੀ ਹੈ। ਸਾਡੀ ਜਿਸ ਕਣਕ 'ਤੇ ਸਾਰੇ ਦੇਸ਼ ਨੂੰ ਨਾਜ਼ ਸੀ, ਉਸਦਾ ਬੀਜ ਵੀ ਦੇਸੀ ਹੀ ਸੀ। ਗਾਲ੍ਹ ਕੱਢਣ ਤੋਂ ਬਾਅਦ ਵਿਦੇਸ਼ੀ ਬੀਜ ਆਇਆ ਜਿਸ ਨੂੰ ਉੱਨਤ ਬੀਜ ਵੀ ਆਖਿਆ ਗਿਆ, ਜਿਸ ਉੱਪਰ ਅਸਾਂ ਅੱਖਾਂ ਮੀਚ ਕੇ ਭਰੋਸਾ ਕੀਤਾ, ਉਸਦੇ ਨਾਲ ਇੱਕ ਤੁਖ਼ਮ ਵੀ ਆਇਆ, ਜਿਸਨੂੰ ਹੁਣ 'ਕਾਂਗਰਸ ਘਾਹ' ਕਿਹਾ ਜਾਂਦਾ ਹੈ। ਅੱਜ ਇਹ 'ਕਾਂਗਰਸ ਘਾਹ' ਤੁਖ਼ਮੀ ਬੰਗਲਾਦੇਸ਼ੀਆਂ ਦੀ ਤਰ੍ਹਾਂ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਸਿਰਫ਼ ਦੇਸੀ ਨੂੰ ਗਾਲ੍ਹ ਕੱਢਣ ਕਾਰਨ ਦੇਸੀ ਦਰੱਖ਼ਤ ਵੀ ਚਲੇ ਗਏ। ਦੇਸੀ ਦਰੱਖ਼ਤਾਂ ਦੇ ਜਾਂਦੇ ਹੀ ਸਾਡੇ ਸਭਿਆਚਾਰ ਦੀ ਹਰਿਆਲੀ ਵੀ ਚਲੀ ਗਈ। ਸਭਿਆਚਾਰ ਦੇ ਨਾਂ 'ਤੇ ਅੱਜ ਅਸੀਂ ਸਿਰਫ਼ ਸਟੇਜੀ ਬੱਲੇ-ਬੱਲੇ ਦੇ ਮੋਹਤਾਜ ਹੋ ਚੁੱਕੇ ਹਾਂ। ਦੇਸੀ ਦਰੱਖ਼ਤਾਂ ਦੀ ਜਗ੍ਹਾ ਸਫ਼ੈਦੇ ਆਏ, ਧਰਤੀ ਬੰਜਰ ਹੋਣ ਲੱਗੀ, ਲੜਾਈਆਂ-ਝਗੜੇ ਹੋਣ ਲੱਗੇ। ਅੱਜ ਵੀ ਹਜ਼ਾਰਾਂ ਕੇਸ ਸਿਰਫ਼ ਸਫ਼ੈਦੇ ਕਾਰਨ ਹੀ ਅਦਾਲਤਾਂ ਵਿੱਚ ਲੜੇ ਜਾ ਰਹੇ ਹਨ। ਸਸਤੇ ਲੰਗਰਾਂ ਦੀ ਆੜ ਵਿੱਚ ਅਤੇ ਅਖ਼ਬਾਰੀ ਇਸ਼ਤਿਹਾਰਾਂ ਕਾਰਨ ਪਾਪੂਲਰ ਹੋਏ ਕੁੱਝ ਸੰਤ ਵੀ ਆਪਣੇ ਡੇਰਿਆਂ ਵਿੱਚ ਹੁਣ ਸਫ਼ੈਦੇ ਦੀ ਥਾਂ ਉਸੇ ਦਾ ਭਰਾ ਪੌਪਲਰ ਲਾਉਣ ਦੀਆਂ ਸਲਾਹਾਂ ਦੇ ਰਹੇ ਹਨ ਤਾਂ ਜੋ 'ਨਾਮਦਾਨ' ਦੀ ਆੜ ਵਿੱਚ 'ਨਾਮਾਂ' ਵੀ ਕਮਾਇਆ ਜਾ ਸਕੇ, ਇਹ ਵੀ 'ਦੇਸੀ' ਨੂੰ ਗਾਲ੍ਹ ਕੱਢ ਕੇ ਸਿਰਫ਼ ਪੈਸੇ ਲਈ ਸਭ ਕੁੱਝ ਕਰਨ ਦਾ ਇੱਕ ਹੋਰ ਨਮੂਨਾ ਹੈ।

ਮੰਦਰ ਦੀ ਪਹਿਲੀ ਘੰਟੀ, ਗੁਰਬਾਣੀ ਦੇ ਪਹਿਲੇ ਬੋਲ ਦੇ ਨਾਲ ਹੀ ਖੂਹਾਂ ਉੱਤੇ ਜ਼ਿੰਦਗੀ ਚਹਿਕ ਉੱਠਦੀ ਸੀ। ਬਜ਼ੁਰਗ ਅਤੇ ਬੱਚੇ ਖੂਹ ਗੇੜ ਕੇ ਪਾਣੀ ਦੀਆਂ ਟੈਂਕੀਆਂ ਅਤੇ ਪਸ਼ੂਆਂ ਲਈ ਬਣੀਆਂ ਖੁਰਲੀਆਂ ਭਰ ਦਿੰਦੇ। ਬੱਚੇ ਤੇ ਬਜ਼ੁਰਗ ਤਾਜ਼ੇ ਪਾਣੀ ਨਾਲ ਨਹਾ ਕੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਸਾਰੇ ਦਿਨ ਦੇ ਕੰਮਾਂ ਲਈ ਕੁਦਰਤ ਤੋਂ ਅਸੀਸ ਲੈਂਦੇ ਸਨ।

ਈਮਾਨਦਾਰੀ ਨਾਲ ਵੇਖੀਏ ਤਾਂ ਹਰਿਆਣਾ ਅਤੇ ਪੰਜਾਬ ਹਰੇ-ਭਰੇ ਖੇਤਰ ਉਸੇ ਸਮੇਂ ਤੱਕ ਹੀ ਸਨ ਜਦੋਂ ਤੱਕ ਇੱਥੋਂ ਦੇ ਸਾਰੇ ਕੁਦਰਤੀ ਸੋਮੇ ਸਹਿਜ-ਸਰਲ ਸਨ। ਦੂਰ-ਦੂਰ ਫੈਲੇ ਸੰਘਣੇ ਜੰਗਲ ਸਨ, ਪੰਜਾਂ ਦਰਿਆਵਾਂ ਦੀਆਂ ਕਈ ਸਾਰੀਆਂ ਉਪ-ਨਦੀਆਂ ਸਨ, ਲਗਭਗ 17,500 ਛੋਟੇ-ਵੱਡੇ ਤਾਲਾਬ ਸਨ। ਮਿੱਟੀ ਦੀਆਂ ਹੇਠਲੀਆਂ ਪਰਤਾਂ ਵਿੱਚ ਰੱਜਵੀਂ ਤਾਕਤ ਸੀ। ਦੁੱਧ-ਘਿਉ ਨਾਲ ਜੁੜੀਆਂ ਅਨੇਕ ਕਹਾਵਤਾਂ ਸਨ। ਦੁੱਧ ਅਤੇ ਪੁੱਤ ਇੱਕ ਕਰਕੇ ਜਾਣੇ ਜਾਂਦੇ ਸਨ। ਅੱਜ ਜਦੋਂ ਲੱਖਾਂ ਬੱਚੀਆਂ ਕੁੱਖ ਵਿੱਚ ਹੀ ਮਾਰੀਆਂ ਜਾ ਰਹੀਆਂ ਹੋਣ, ਮੁੰਡੇ ਬਾਹਰਲੇ ਮੁਲਕ ਵਿੱਚ ਲਗਭਗ ਵੇਚੇ ਜਾ ਰਹੇ ਹੋਣ, ਤਾਂ ਸਮਝਿਆ ਜਾ ਸਕਦਾ ਹੈ ਕਿ ਮਮਤਾ ਦੀ ਡੋਰ ਦੀ ਰੇਸ਼ਮ ਕਿੰਨੀ ਕੁ ਬਚੀ ਹੋਵੇਗੀ, ਅੱਜ ਮਾਂ ਦੇ ਦੁੱਧ ਦੀ ਤੰਦ ਸਿਵਾਏ ਕਿਸੇ ਲਾਲਚ ਤੋਂ ਇਲਾਵਾ ਹੋਰ ਕੁੱਝ ਨਹੀਂ ਦਿਸਦੀ? ਧੀਆਂ ਦੇ ਘਰ ਦਾ ਪਾਣੀ ਵੀ ਨਾ ਪੀਣ ਵਾਲਾ ਪੰਜਾਬ ਅੱਜ ਕੁੱਖ ਵਿੱਚ ਹੀ ਧੀਆਂ ਮਾਰਨ ਵਾਲੇ ਸਾਰੇ ਸੂਬਿਆਂ 'ਚੋਂ ਨੰਬਰ ਇੱਕ 'ਤੇ ਹੈ। ਅਖ਼ਬਾਰਾਂ 'ਚ ਲਗਾਤਾਰ ਛਪਦੀਆਂ ਅਜਿਹੀਆਂ ਖ਼ਬਰਾਂ ਪੜ੍ਹ ਕੇ ਹੌਲ ਪੈਂਦਾ ਹੈ ਕਿ ਮੁੰਡਿਆਂ ਨੂੰ ਸਿਰਫ਼ ਬਾਹਰ ਭੇਜਣ ਦੇ ਲਾਲਚ ਵਿੱਚ ਚਾਚੇ, ਮਾਮੇ, ਤਾਏ ਦੀਆਂ ਕੁੜੀਆਂ ਨਾਲ ਵਿਆਹਿਆ ਜਾ ਰਿਹਾ ਹੈ। ਇਹ ਸਾਰੀਆਂ ਘਟਨਾਵਾਂ ਆਉਣ ਵਾਲੇ ਕਿਸੇ ਸੱਚੇ-ਸੁੱਚੇ ਅਤੇ ਨਿੱਗਰ ਸਮਾਜ ਦੀ ਸੱਜਰੀ ਸਵੇਰ ਦੀਆਂ ਨਿਸ਼ਾਨੀਆਂ ਨਹੀਂ ਹਨ। ਇਹ ਅੰਨ੍ਹੇਵਾਹ ਖੇਡੀ ਜਾਣ ਵਾਲੀ ਇੱਕ ਅਜਿਹੀ ਖੋ-ਖੋ ਹੈ ਜਿਸਨੂੰ ਨਾ ਸਮਝ ਕੇ ਅਸੀਂ ਬਹੁਤ ਵੱਡੀ ਭੁੱਲ ਕਰ ਰਹੇ ਹਾਂ। ਇਹ ਵੀ 'ਦੇਸੀ' ਨੂੰ ਗਾਲ੍ਹ ਕੱਢ ਕੇ ਕਿਸੇ ਵੀ ਤਰ੍ਹਾਂ ਵਿਕਸਤ ਦਿਸਣ ਦਾ ਹੀ ਉਦਾਹਰਣ ਹੈ।

ਅੱਜ ਪੰਜਾਬ ਦੀਆਂ ਚੱਕੀਆਂ ਵਿੱਚ ਪੀਸਿਆ ਜਾਣ ਵਾਲਾ ਹਰੇਕ ਦਾਣਾ ਮਰੇ ਹੋਏ ਡੰਗਰਾਂ ਦੀਆਂ ਹੱਡੀਆਂ ਦਾ ਚੂਰਾ ਅਤੇ ਨਰਮ ਪੱਥਰ ਦਾ ਚੂਰਾ ਹੀ ਹੈ। ਪੁੱਠੇ-ਸਿੱਧੇ ਟੀਕੇ ਲਾ ਕੇ ਡੰਗਰਾਂ ਤੋਂ ਲਿਆ ਜਾਣ ਵਾਲਾ ਦੁੱਧ ਕਿੰਨੀ ਕੁ ਦੇਰ ਪੰਜਾਬ ਦੇ ਪਸ਼ੂਧਨ ਨੂੰ ਟਿਕਾ ਸਕੇਗਾ, ਅਜਿਹੇ ਸਵਾਲ ਕਿਤੋਂ ਹੋਰ ਪੜ੍ਹਕੇ ਆਏ ਆਪਣੇ ਹੀ ਧਰਤੀ ਦੇ ਪੁੱਤਾਂ ਨੂੰ ਪੁੱਛੇ ਜਾਣੇ ਚਾਹੀਦੇ ਹਨ। ਜਿਹੜੇ ਅਖੌਤੀ ਬੁੱਧੀਜੀਵੀਆਂ ਨੇ ਗੋਹੇ ਨੂੰ ਵੇਖ ਕੇ ਨੱਕ 'ਤੇ ਰੁਮਾਲ ਰੱਖੇ, ਅੱਜ ਉਹੀ ਜੈਵਿਕ ਖਾਦ ਦੇ ਹਿਮਾਇਤੀ ਦਿਸ ਰਹੇ ਹਨ। ਜਿਹੜੇ ਲੋਕਾਂ ਨੇ ਦੂਜਿਆਂ ਤੋਂ ਵੱਖਰੇ ਦਿਸਣ ਲਈ ਚਮਚਮ ਕਰਦੇ ਪਾਲੀਥੀਨ ਨੂੰ ਪ੍ਰੋਮੋਟ ਕੀਤਾ, ਅੱਜ ਉਹੀ ਵੀ. ਆਈ. ਪੀ. ਪਾਲੀਥੀਨ ਦੀ ਮੋਢੇ ਮਟਕਾ ਕੇ ਅੰਗਰੇਜ਼ੀ ਭਾਸ਼ਾ ਵਿੱਚ ਨਿਖੇਧੀ ਕਰ ਰਹੇ ਹਨ।

ਜੇ ਕੋਈ ਕਵੀ ਚਾਹੇ ਤਾਂ ਵੀ ਅੱਜ ਪੰਜ ਦਰਿਆਵਾਂ 'ਤੇ ਗੀਤ ਨਹੀਂ ਲਿਖ ਸਕਦਾ। ਪੰਜਾਬ- ਹਰਿਆਣਾ ਦੀਆਂ ਸਰਕਾਰਾਂ ਕੁੱਝ ਵੀ ਆਖਦੀਆਂ ਹੋਣ ਪਰ ਇਨ੍ਹਾਂ ਦੋਹਾਂ ਸੂਬਿਆਂ ਦੀ ਕਣਕ ਸਿਰਫ਼ ਪੀਲੇ ਰਾਸ਼ਨ ਕਾਰਡਧਾਰੀਆਂ ਨੂੰ ਹੀ ਮਿਲਦੀ ਹੈ। ਕਿਉਂਕਿ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਇਹ ਕਣਕ ਹੁਣ ਰਿਜੈਕਟ ਹੋ ਚੁੱਕੀ ਹੈ। ਅੱਜ ਗਲੀਆਂ ਵਿੱਚ ਘੁੰਮਣ ਵਾਲੇ ਕੁੱਤੇ ਤੱਕ ਇਸ ਕਣਕ ਦੀਆਂ ਬਣੀਆਂ ਰੋਟੀਆਂ ਖਾਣੀਆਂ ਛੱਡ ਚੁੱਕੇ ਹਨ। ਕੋਈ ਵੀ ਅਜ਼ਮਾ ਕੇ ਵੇਖ ਸਕਦਾ ਹੈ। ਛੱਤਾਂ ਉੱਤੇ ਪਰਿੰਦਿਆਂ ਨੂੰ ਪਾਈ ਜਾਣ ਵਾਲੀ ਰੋਟੀ ਸ਼ਾਮ ਤੱਕ ਪਈ-ਪਈ ਸੁੱਕ ਜਾਂਦੀ ਹੈ। ਖੇਤਾਂ ਵਿੱਚ ਡਿੱਗੇ ਦਾਣੇ ਚੁਗ-ਚੁਗ ਪੰਛੀ ਲਗਾਤਾਰ ਮਰ ਰਹੇ ਹਨ। ਹੁਣ ਤਾਂ ਖੇਤਾਂ ਵਿੱਚ ਖੜ੍ਹੇ ਡਰਨੇ ਵੀ ਪੰਛੀਆਂ ਤੋਂ ਬਿਨਾਂ ਵੈਰਾਗ ਗਏ ਹਨ ਕਿਉਂਕਿ ਹੁਣ ਕੋਈ ਟਾਂਵਾ-ਟੱਲ੍ਹਾ ਪੰਛੀ ਵੀ ਡਰਨੇ ਦੇ ਸਿਰ ਦੀ ਥਾਂ ਰੱਖੀ ਤੌੜੀ 'ਤੇ ਠੁੰਗ ਨਹੀਂ ਮਾਰਦਾ। ਮਿੱਟੀ ਅਤੇ ਪਾਣੀ 'ਚ ਵਧਦੇ ਜ਼ਹਿਰੀਲੇ ਤੱਤਾਂ ਕਾਰਨ ਬਹੁਤ ਸਾਰੇ ਦਰੱਖ਼ਤਾਂ ਨੂੰ ਵੀ ਫਲੀਆਂ ਲੱਗਣੀਆਂ ਬੰਦ ਹੋ ਚੁੱਕੀਆਂ ਹਨ, ਯਾਨੀ ਦਰੱਖ਼ਤ ਵੀ ਬਾਂਝ ਹੋ ਚੱਲੇ ਹਨ, ਪਤਾ ਨਹੀਂ ਆਪਾਂ ਕਦੋਂ ਤੱਕ ਚਾਰੇ ਪਾਸੇ ਸਹੇੜਦੇ ਜਾ ਰਹੇ ਉਜਾੜ ਨੂੰ ਵਿਕਾਸ ਕਹਿਣ ਦੀ ਗ਼ਲਤਫ਼ਹਿਮੀ ਪਾਲ਼ੀ ਰੱਖਾਂਗੇ?

ਪੰਜਾਬ ਦੇ ਕਿਸਾਨ ਦਾ ਮਾਣ-ਸਨਮਾਨ ਉਦੋਂ ਤੱਕ ਹੀ ਸੀ ਜਦੋਂ ਤੱਕ ਉਹ ਖ਼ੁਦ ਮਿਹਨਤੀ ਸੀ, ਧਰਤੀ ਦਾ ਪੁੱਤ ਕਹਾਉਂਦਾ ਸੀ। ਪਰ ਧਰਤੀ ਦੇ ਇਨ੍ਹਾਂ ਪੁੱਤਾਂ ਨੇ ਆਪਣੀ ਹੀ ਧਰਤੀ ਦੇ ਸਾਰੇ ਸਤ ਨਿਚੋੜ ਕੇ ਦਾਰੂ ਦੀਆਂ ਕੁਰਲੀਆਂ ਵਿੱਚ ਵਹਾ ਦਿੱਤੇ। ਹਰਮਨਪਿਆਰੀ ਧਰਤੀ ਨੂੰ ਵੀ ਰਸਾਇਣਕ ਖਾਦਾਂ ਪਿਆ-ਪਿਆ ਕੇ ਨਸ਼ੇੜੀ ਬਣਾ ਦਿੱਤਾ ਹੈ। ਵਿਚਾਰੀ ਇਹ ਨਸ਼ੇੜੀ ਧਰਤੀ ਵੀ ਕਦੋਂ ਤੱਕ ਅਤੇ ਕਿੱਥੋਂ ਤੱਕ ਸਾਡੇ ਜਿਹੇ ਗ਼ੈਰ-ਸ਼ੁਕਰਿਆਂ ਦਾ ਸਾਥ ਦੇਵੇਗੀ। ਇਸੇ ਕਰਕੇ ਇਨ੍ਹਾਂ ਧਰਤੀ ਪੁੱਤਰਾਂ ਦੀ ਲੜਾਈ ਵੀ ਹੁਣ ਕਿਰਾਏ ਦੇ ਸੈਨਿਕਾਂ 'ਤੇ ਨਿਰਭਰ ਹੋ ਚੁੱਕੀ ਹੈ। ਪ੍ਰਵਾਸੀ ਮਜ਼ਦੂਰਾਂ ਦੇ ਸਿਰ ਉੱਤੇ ਟਿਕੀ ਸਾਡੀ ਖੇਤੀ ਕਿੰਨੀ ਦੇਰ ਅਤੇ ਕਿੰਨੀ ਹੋਰ ਦੂਰ ਤੱਕ ਟਿਕ ਸਕੇਗੀ, ਇਹ ਸਭ ਸਿਰਫ਼ ਦਵਾਈਆਂ ਦੇ ਸਹਾਰੇ ਮਰੀਜ਼ ਸਾਂਭਣ ਵਾਲੇ ਮਾਡਰਨ ਖੇਤੀ ਦੇ ਯੋਜਨਾਕਾਰਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ। ਵਾਢੀ ਤੋਂ ਪਹਿਲਾਂ ਜਦੋਂ ਪ੍ਰਵਾਸੀ ਮਜ਼ਦੂਰ ਆਉਂਦੇ ਹਨ ਤਾਂ ਰੇਲਵੇ ਸਟੇਸ਼ਨਾਂ ਉੱਤੇ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਚੰਗੇ-ਚੰਗੇ ਰਾਜਾ ਭੋਜ ਉਨ੍ਹਾਂ ਸਾਹਮਣੇ ਗੰਗੂ ਤੇਲੀਆਂ ਵਾਂਗ ਹੱਥ ਬੰਨ੍ਹੀ ਖਲੋਤੇ ਹੁੰਦੇ ਹਨ।

'ਹਰੇ ਇਨਕ+ਲਾਬ' ਮਗਰੋਂ ਤਰੱਕੀ ਦੀ ਪਹਿਲੀ ਫੈਕਸ 1988 ਵਿੱਚ ਉਦੋਂ ਬਾਹਰ ਆਈ, ਜਦੋਂ ਕਰਜ਼ੇ ਵਿੱਚ ਡੁੱਬੇ ਪੰਜਾਬ ਦੇ ਪਹਿਲੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ। ਉਸੇ ਸਾਲ 15 ਹੋਰ ਆਤਮ ਹੱਤਿਆਵਾਂ ਹੋਈਆਂ। 1997 ਤੱਕ ਇਹ ਗਿਣਤੀ 400 ਤੱਕ ਪੁੱਜ ਗਈ ਅਤੇ ਸੰਨ 2013 ਤੱਕ ਇਹ ਗਿਣਤੀ ਅਣਗਿਣਤ ਹੋ ਗਈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਇਹ ਅੰਕੜੇ ਉਨ੍ਹਾਂ ਨੇਤਾਵਾਂ ਦੇ ਦਿੱਤੇ ਹੋਏ ਹਨ, ਜਿਹੜੇ ਦਿਨ-ਰਾਤ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਬੈਠ ਕੇ ਦੇਸ਼ ਸੇਵਾ ਦੇ ਨਸ਼ੇ ਵਿੱਚ ਟੁੰਨ ਦਿਸਦੇ ਹਨ। ਚੋਣਾਂ ਦੇ ਸੀਜ਼ਨ ਵਿੱਚ ਦੇਸ਼ ਸੇਵਾ ਦੀ ਇਸੇ ਪਿਨਕ ਵਿੱਚੋਂ ਕਈ ਨੇਤਾਵਾਂ ਦੇ ਮੂੰਹ 'ਚੋਂ ਬੇ-ਆਬ ਹੁੰਦੇ ਪੰਜਾਬ ਨੂੰ ਪੈਰਿਸ ਜਾਂ ਕੈਲੀਫ਼ੋਰਨੀਆ ਬਣਾਉਣ ਦੀ ਝੱਗ ਵੀ ਨਿੱਕਲਣ ਲੱਗ ਪੈਂਦੀ ਹੈ। ਪੰਜਾਬ ਵਿੱਚ ਅੱਜ ਜਿਸ ਕਿਸਾਨ ਕੋਲ 10 ਏਕੜ ਜ਼ਮੀਨ ਹੈ, ਉਸਦੀ ਸਿਰਫ਼ ਦੋ ਵਕਤ ਦੀ ਰੋਟੀ ਹੀ ਚੱਲਦੀ ਹੈ। ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਅਜਿਹੀ ਤੰਗੀ ਕਾਰਨ ਬਹੁਤ ਸਾਰੇ ਘਰਾਂ ਵਿੱਚ ਕਈ-ਕਈ ਭਰਾਵਾਂ ਦੀ ਇੱਕੋ-ਇੱਕ ਪਤਨੀ ਹੈ ਤਾਂ ਜੋ ਔਲਾਦ ਵਧਣ ਦੇ ਕਾਰਣ ਜ਼ਮੀਨ ਦੀ ਵੰਡ ਨਾ ਹੋਵੇ। ਰਾਜਿੰਦਰ ਸਿੰਘ ਬੇਦੀ ਜਿਉਂਦੇ ਹੁੰਦੇ ਤਾਂ ਉਹ 'ਏਕ ਚਾਦਰ ਮੈਲੀ ਸੀ' ਦੀ ਥਾਂ 'ਏਕ ਧਰਤੀ ਮੈਲੀ ਸੀ' ਜ਼ਰੂਰ ਲਿਖਦੇ। ਪੰਜਾਬ ਦਾ 72 ਫ਼ੀ ਸਦੀ ਕਿਸਾਨ ਤੰਗਹਾਲੀ ਦਾ ਸ਼ਿਕਾਰ ਹੈ। ਅੰਕੜਿਆਂ ਦੇ ਹਿਸਾਬ ਨਾਲ ਸਿਰਫ਼ 28 ਫ਼ੀ ਸਦੀ ਕਿਸਾਨ ਹੀ ਕਾਮਯਾਬ ਕਿਸਾਨ ਹਨ। ਲਗਭਗ 20 ਲੱਖ ਕਿਸਾਨ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਹਨ। ਪੰਜਾਬ ਦੇ ਕਿਸਾਨਾਂ ਉੱਪਰ 20 ਫ਼ੀ ਸਦੀ ਕਰਜ਼ਾ ਸਰਕਾਰੀ ਹੈ ਅਤੇ 80 ਫ਼ੀ ਸਦੀ ਕਰਜ਼ਾ ਪਠਾਣੀ ਮਹਾਜਨਾਂ ਦਾ ਹੈ। ਸਰਕਾਰੀ ਕਰਜ਼ੇ ਦਾ ਵਿਆਜ ਤਾਂ ਫੇਰ ਵੀ ਕਿਸੇ ਲਛਮਣ ਰੇਖਾ ਦੇ ਅੰਦਰ ਰਹਿੰਦਾ ਹੈ, ਲੇਕਿਨ ਨਵੀਂ ਕਿਸਮ ਦੇ ਫ਼ਾਈਨੈਂਸਰਾਂ ਦਾ ਵਿਆਜ ਤਾਂ ਜ਼ਬਰਦਸਤੀ ਪੱਥੇ ਗਏ ਬਿਜਲੀ ਦੇ ਨਵੇਂ ਮੀਟਰਾਂ ਦੀਆਂ ਯੂਨਿਟਾਂ ਵਾਂਗ ਚੱਲਦਾ ਹੈ। ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਕਿਸਾਨਾਂ ਲਈ ਕਿਸੇ ਸੁਚੱਜੀ ਨੀਤੀ ਦੀ ਥਾਂ ਸਰਕਾਰਾਂ ਕੋਲ ਹਰ ਸਾਲ ਦੇ ਬਜਟ ਵਿੱਚ ਕਿਸਾਨਾਂ ਦਾ ਜੀਵਨ ਉੱਚਾ ਚੁੱਕਣ ਲਈ ਸਿਰਫ਼ ਕਰਜ਼ੇ ਦਾ ਹੀ ਵਿਸ਼ੇਸ਼ ਪੈਕੇਜ ਹੁੰਦਾ ਹੈ।

ਪੰਜਾਬ ਵਿੱਚ ਕੁੱਲ ਖੇਤੀ ਯੋਗ ਭੂਮੀ 50 ਲੱਖ ਹੈਕਟੇਅਰ ਹੈ। ਪੂਰੇ ਦੇਸ਼ ਵਿੱਚ ਲਗਭਗ 16 ਲੱਖ ਟਰੈਕਟਰ ਹਨ, ਪਰ ਇਕੱਲੇ ਪੰਜਾਬ ਵਿੱਚ ਟਰੈਕਟਰਾਂ ਦੀ ਗਿਣਤੀ 5 ਲੱਖ ਤੋਂ ਉੱਪਰ ਹੈ। ਯਾਨੀ ਦੇਸ਼ ਦੀ ਕੁੱਲ ਧਰਤੀ ਦੇ 1.54 ਫ਼ੀ ਸਦੀ ਹਿੱਸੇ ਵਾਲੇ ਖੇਤਰ ਦਾ ਕਿਸਾਨ ਦੂਜੇ ਕਿਸਾਨਾਂ ਦੇ ਮੁਕ+ਬਲੇ 24 ਗੁਣਾ ਜ਼ਿਆਦਾ ਸਮਰੱਥਾ ਵਾਲਾ ਕਿਸਾਨ ਹੈ। ਪੰਜਾਬ ਦੇ ਕਿਸਾਨ ਨੂੰ ਇਹੋ ਹਾਈ-ਫਾਈ ਹੋਣਾ ਮਹਿੰਗਾ ਪੈ ਰਿਹਾ ਹੈ। ਇਹ ਘਰ ਵਿੱਚ ਹਾਥੀ ਬੰਨ੍ਹਣ ਵਾਲੀ ਗੱਲ ਹੈ। ਉਸਦੇ ਉੱਪਰੋਂ ਅਕਲਮੰਦੀ ਦਾ ਝੰਡਾ ਇਹ ਕਿ ਉਸਨੇ 26 ਲੱਖ ਹੈਕਟੇਅਰ ਭੂਮੀ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ, ਜਿਸ ਕਾਰਨ ਹਰ ਸਾਲ 40 ਸੈਂਟੀਮੀਟਰ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਲੱਗ ਪਿਆ। ਪੰਜਾਬ ਦੀ ਖੇਤੀ 70 ਫ਼ੀ ਸਦੀ ਧਰਤੀ ਹੇਠਲੇ ਪਾਣੀ ਅਤੇ 30 ਫ਼ੀ ਸਦੀ ਨਹਿਰੀ ਪਾਣੀ 'ਤੇ ਨਿਰਭਰ ਕਰਦੀ ਹੈ। 1960 ਵਿੱਚ ਚੌਲਾਂ ਦੀ ਪੈਦਾਵਾਰ ਤਿੰਨ ਲੱਖ ਟਨ ਸੀ, ਲੇਕਿਨ 'ਹਰੇ ਇਨਕ+ਲਾਬ' ਦੇ ਜੇਹਾਦੀ ਨਾਅਰੇ ਤੋਂ ਬਾਅਦ ਨਿੱਕਲੀ ਲਾਲਚੀ ਜੀਭ ਕਾਰਨ ਇਹ ਅੰਕੜਾ 143 ਲੱਖ ਟਨ ਤੱਕ ਪੁੱਜ ਗਿਆ। ਪੂਰੇ ਭਾਰਤ ਵਿੱਚ 4271 ਜਲਗਾਹਾਂ ਹਨ। ਉਨ੍ਹਾਂ ਵਿੱਚ ਪਾਣੀ ਦੀ ਦੁਰਵਰਤੋਂ ਵਾਲੇ ਖੇਤਰ 231 ਹਨ, ਜਿਨ੍ਹਾਂ ਵਿੱਚ 107 ਸਿਰਫ਼ ਪੰਜਾਬ ਅਤੇ ਹਰਿਆਣਾ ਵਿੱਚ ਹੀ ਹਨ। ਅੱਜ ਸਿਰਫ਼ ਪੰਜਾਬ ਵਿੱਚ ਹੀ 12,402 ਪਿੰਡਾਂ ਵਿੱਚੋਂ 11,859 ਪਿੰਡ ਪਾਣੀ ਦੀ ਤੰਗੀ ਝੱਲ ਰਹੇ ਹਨ। ਸ਼ੋਧਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਸਾਂ ਸਾਲਾਂ ਵਿੱਚ ਪਾਣੀ ਦਾ ਪੱਧਰ 160 ਫੁੱਟ ਹੋਰ ਹੇਠਾਂ ਜਾ ਸਕਦਾ ਹੈ।

ਪੰਜਾਬ ਵਿੱਚ ਕੁੱਲ ਜਲਗਾਹ ਖੇਤਰ 184 ਹਨ, ਜਿਨ੍ਹਾਂ ਵਿਚੋਂ 104 ਡਾਰਕ ਜ਼ੋਨਾਂ ਵਿੱਚ ਬਦਲ ਚੁੱਕੇ ਹਨ। ਹਰਿਆਣਾ-ਪੰਜਾਬ ਦੇ ਬਾਰਡਰਾਂ ਉੱਤੇ ਲੱਗੇ ਧੰਨਵਾਦੀ ਸਾਈਨ ਬੋਰਡ ਆਉਂਦੇ ਜਾਂਦੇ ਯਾਤਰੀਆਂ ਨੂੰ ਭਾਵੇਂ ਕੁੱਝ ਵੀ ਕਹਿਣ, ਦੋਵੇਂ ਪਾਸੇ ਬਣੇ ਢਾਬਿਆਂ 'ਤੇ ਬੈਠ ਪੰਜਾਬੀ ਅਤੇ ਹਰਿਆਣਵੀ ਬੇਸ਼ੱਕ ਇੱਕ ਦੂਜੇ ਦਾ ਕਿੰਨਾ ਵੀ ਮਖ਼ੌਲ ਉਡਾਉਣ, ਪਰ ਦੋਵੇਂ ਸੂਬਿਆਂ ਦੀ ਧਰਤੀ ਹੇਠਲਾ ਦੁੱਖ ਦੇਸ਼ ਦੇ ਬਾਕੀ ਦੁੱਖਾਂ ਦੀ ਤਰ੍ਹਾਂ ਹੀ ਸਾਂਝਾ ਹੈ। ਹਰਿਆਣਾ ਕੋਲ 108 ਜਲਗਾਹ ਖੇਤਰ ਹਨ ਜਿਨ੍ਹਾਂ ਵਿਚੋਂ 65 ਡਾਰਕ ਜ਼ੋਨ ਵਿੱਚ ਤਬਦੀਲ ਹੋ ਚੁੱਕੇ ਹਨ। ਹਰਿਆਣਾ ਵਿੱਚ ਸਿਰਫ਼ 37 ਫ਼ੀ ਸਦੀ ਪਾਣੀ ਹੀ ਮਿੱਠਾ ਬਚਿਆ ਹੈ, ਬਾਕੀ ਪਾਣੀ ਖਾਰਾ ਹੋ ਚੱਲਿਆ ਹੈੇ। ਕੈਥਲ ਜ਼ਿਲ੍ਹੇ ਦੇ ਪਿੰਡ ਕੈਲਰਮ ਵਿਖੇ ਇੱਕ ਕਿਸਾਨ ਨੇ 850 ਫੁੱਟ ਡੂੰਘਾ ਸਬਮਰਸੀਬਲ ਲਗਵਾਇਆ ਹੈ ਜਦੋਂ ਕਿ 700 ਫੁੱਟ ਡੂੰਘੇ ਸਬਮਰਸੀਬਲ ਤਾਂ ਸੈਂਕੜੇ ਹੀ ਹਨ। ਪਰ ਵੇਖੋ! ਦੋਵੇਂ ਪਾਸੇ ਦੀਆਂ ਸਰਕਾਰਾਂ ਆਪਣੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਦੀ ਬਜਾਏ ਕਮਲੀਆਂ ਤੀਵੀਂਆਂ ਵਾਂਗ ਲੜਨ ਵਿੱਚ ਮਸ਼ਗੂਲ ਹਨ। ਰਾਜਧਾਨੀ ਚੰਡੀਗੜ੍ਹ ਦੀ ਇੱਕੋ ਇਮਾਰਤ ਵਿੱਚੋਂ ਚਲਦੀਆਂ ਦੋਵੇਂ ਸਰਕਾਰਾਂ ਅੱਜ ਆਪਸ ਵਿੱਚ ਪਾਣੀ ਦਾ ਇੱਕ ਘੜਾ ਵੀ ਵੰਡਣ ਨੂੰ ਤਿਆਰ ਨਹੀਂ ਹਨ, ਜਦਕਿ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ 'ਚ ਹੋ ਰਿਹਾ ਗੰਧਲਾ ਪਾਣੀ ਪੰਜਾਬ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਣ ਬਣ ਰਿਹਾ ਹੈ। ਬੇਸ਼ੱਕ ਦੋਵੇਂ ਪਾਸੇ ਇੱਕੋ ਪਾਰਟੀ ਦੀਆਂ ਸਰਕਾਰਾਂ ਹੋਣ। ਪੰਜਾਬ ਵਿੱਚ ਲਗਭਗ 15 ਲੱਖ 75 ਹਜ਼ਾਰ 162 ਸਬਮਰਸੀਬਲ ਅਤੇ ਹਰਿਆਣਾ ਵਿੱਚ ਲਗਭਗ 7 ਲੱਖ ਸਬਮਰਸੀਬਲ ਪਾਤਾਲ ਦਾ ਪਾਣੀ ਅੰਨ੍ਹੇਵਾਹ ਉਲੱਦ ਰਹੇ ਹਨ, ਬਿਨਾਂ ਇਹ ਸੋਚੇ ਕਿ ਪਤਾਲ ਤੱਕ ਪਾਣੀ ਪਹੁੰਚਣ ਲਈ ਢਾਈ ਲੱਖ ਵਰ੍ਹੇ ਲਗਦੇ ਹਨ ਉਹ ਵੀ ਤਾਂ ਜੇਕਰ ਆਪਾਂ ਟੋਭਿਆਂ, ਢਾਬਾਂ, ਸਰੋਵਰਾਂ ਵਿੱਚ ਮੀਂਹ ਦਾ ਪਾਣੀ ਰੋਕਾਂਗੇ। ਲੇਕਿਨ ਅਫ਼ਸੋਸ! ਦੋਵੇਂ ਪਾਸੇ ਕੁਰਸੀ ਦੀ ਛੂਣ-ਛਲੀਕਾ ਖ਼ਾਤਰ ਬਿਜਲੀ ਮੁਫ਼ਤ, ਪਾਣੀ ਮੁਫ਼ਤ ਜਿਹੀ ਮੂਰਖਤਾ ਭਰੀ ਖੇਡ ਖੇਡੀ ਜਾ ਰਹੀ ਹੈ। ਹੁਣ ਤਾਂ ਦੋਵੇਂ ਪਾਸੇ ਦੀਆਂ ਸਰਕਾਰਾਂ ਨੂੰ ਬਿਜਲੀ ਮੁਫ਼ਤ ਦੇ ਐਲਾਨ ਦੇ ਨਾਲ-ਨਾਲ ਇਹ ਵੀ ਦੱਸਣਾ ਪਵੇਗਾ ਕਿ ਉਹ ਬਿਜਲੀ ਲੋਕਾਂ, ਕਿਸਾਨਾਂ ਨੂੰ ਦੇਣਗੇ ਜਾਂ ਉਨ੍ਹਾਂ ਬਿਜਲੀ ਨਾਲ ਜਗਣ ਵਾਲੀਆਂ ਨਕਲੀ ਖਜੂਰਾਂ ਨੂੰ ਦੇਣਗੇ ਜਿਸਨੂੰ ਪਪੀਤੇ ਜਿੱਡੀ ਖਜੂਰ ਲਗਦੀ ਹੈ ਅਤੇ ਜਿਹੜੀਆਂ ਖਜੂਰਾਂ ਮੂਰਥਲ ਤੋਂ ਸ਼ੁਰੂ ਹੋ ਕੇ ਜੀ. ਟੀ. ਰੋਡ ਤੋਂ ਘੁੰਮ-ਘੁਮਾ ਕੇ ਸ਼ਹਿਰਾਂ ਦੇ ਅੰਦਰ-ਬਾਹਰ ਹੁੰਦੀਆਂ-ਹੋਈਆਂ ਵਾਹਗਾ ਬਾਰਡਰ ਤੱਕ ਜਾ ਪੁੱਜੀਆਂ ਹਨ।

ਪੰਜਾਬ-ਹਰਿਆਣਾ ਬੇਸ਼ੱਕ ਕਣਕ ਦੇ ਮਿਸਾਲੀ ਖੇਤਰ ਸਨ, ਲੇਕਿਨ 'ਹਰੇ ਇਨਕਲਾਬ' ਦੇ ਜੇਹਾਦੀ ਨਾਅਰੇ ਤੋਂ ਬਾਅਦ ਇੱਥੋਂ ਦੇ ਕਿਸਾਨਾਂ ਨੇ 'ਪ੍ਰੇਮ ਅਤੇ ਜੰਗ ਵਿੱਚ ਸਭ ਜਾਇਜ਼ ਹੈ' ਵਿੱਚੋਂ ਕੁਦਰਤ ਪ੍ਰਤੀ ਆਪਣਾ ਪ੍ਰੇਮ ਹਟਾ ਕੇ ਬਾਕ+ ਪਿਛਲੇ ਹਿੱਸੇ 'ਤੇ ਫੌਰੀ ਅਮਲ ਸ਼ੁਰੂ ਕਰ ਦਿੱਤਾ। ਇੱਕ ਕਿਲੋ ਚੌਲਾਂ ਦੀ ਪੈਦਾਵਾਰ ਲੈਣ ਲਈ 5000 ਘਣ ਲਿਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਸਾਡੇ ਨੇਤਾਵਾਂ, ਨੀਤੀ ਘਾੜਿਆਂ, ਯੋਜਨਾਕਾਰਾਂ ਅਤੇ ਖੇਤੀਬਾੜੀ ਕਾਲਜਾਂ ਵਿੱਚ ਬੈਠੇ ਯੂ. ਜੀ. ਸੀ. ਮਾਰਕਾ ਬੁੱਧੀਜੀਵੀਆਂ ਨੂੰ ਇਹ ਨਹੀਂ ਅਹੁੜਿਆ ਕਿ ਜਦੋਂ ਮਾਮੂਲੀ ਨਲਕੇ ਲੱਗਣ ਨਾਲ ਖੂਹ ਸੁੱਕ ਗਏ, ਟਿਊਬਵੈਲ ਲੱਗਣ ਨਾਲ ਛੱਪੜ, ਤਾਲਾਬ, ਟੋਭੇ ਸੁੱਕ ਗਏ, ਹੁਣ ਦਿਨ ਰਾਤ ਪਾਤਾਲ ਦਾ ਪਾਣੀ ਉਲੱਦ ਰਹੇ ਲੱਖਾਂ ਸਬਮਰਸੀਬਲਾਂ ਜਿਹੀਆਂ ਧਰਤੀ ਨੂੰ ਚੰਬੜੀਆਂ ਜੋਕਾਂ ਤੋਂ ਬਾਅਦ ਕੀ ਹੋਵੇਗਾ? ਧਰਤੀ ਪਰਮਾਤਮਾ ਦੀ ਸਭ ਤੋਂ ਵੱਡੀ ਮਿੱਟੀ ਦੀ ਗੋਲਕ ਹੈ, ਇਸ ਵਿੱਚ ਆਪਾਂ ਜੋ ਵੀ ਪਾਵਾਂਗੇ, ਉਹੀ ਵਾਪਸ ਕੱਢ ਸਕਾਂਗੇ। ਧਰਤੀ ਚੋਂ ਕੱਢ ਆਪਾਂ ਬਹੁਤ ਕੁੱਝ ਰਹੇ ਹਾਂ, ਪਰ ਸਿਵਾਏ ਪਾਲੀਥੀਨ, ਜ਼ਹਿਰੀਲੀਆਂ ਖਾਦਾਂ, ਸੀਮਿੰਟ ਆਦਿ ਤੋਂ ਇਲਾਵਾ ਪਾ ਕੁੱਝ ਵੀ ਨਹੀਂ ਰਹੇ।

ਆਪਣੇ ਦੇਸ਼ ਦਾ ਕੋਈ ਵੀ ਧਰਮ ਸਥਾਨ ਤਾਲਾਬ, ਬੌੜੀ, ਸਰ, ਸਰੋਵਰ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਇੱਥੋਂ ਤੱਕ ਕਿ ਸ਼ਮਸ਼ਾਨ ਨਾਲ ਵੀ ਘਾਟ ਜ਼ਰੂਰੀ ਹੁੰਦਾ ਸੀ। ਲੇਕਿਨ ਇਨ੍ਹਾਂ ਸਾਰੇ ਪਵਿੱਤਰ ਅਸਥਾਨਾਂ ਨੂੰ ਸੰਸਥਾਵਾਂ ਵਿੱਚ ਬਦਲਣ ਵਾਲੇ ਆਗੂਆਂ ਨੂੰ ਲੱਗਿਆ ਕਿ ਇਨ੍ਹਾਂ ਦੀ ਹੁਣ ਕੀ ਲੋੜ ਹੈ! ਭਰੋ ਇਨ੍ਹਾਂ ਨੂੰ। ਦੁਕਾਨਾਂ ਕੱਢੋ .... ਦੁਕਾਨਾਂ ਤੋਂ ਬਾਅਦ ਫੇਰ ਦੁਕਾਨਦਾਰੀ ਦਾ ਅੰਤਹੀਣ ਸਿਲਸਿਲਾ ਜਾਰੀ ਰਹਿੰਦਾ ਹੈ। ਦੁਕਾਨਦਾਰੀ 'ਚੋਂ 'ਦਾਰ' (ਫਾਂਸੀ ਦਾ ਫੰਦਾ) ਸ਼ਬਦ ਦਾ ਸਹਾਰਾ ਲੈ ਕੇ ਸ਼ਰਧਾ ਅਤੇ ਆਸਥਾ ਫਾਂਸੀ 'ਤੇ ਝੂਲ ਜਾਂਦੀਆਂ ਹਨ ਅਤੇ ਬਚੀ ਦੁਕਾਨ ਭਰਪੂਰ ਪ੍ਰਫੁੱਲਤ ਹੋਣ ਲੱਗ ਪੈਂਦੀ ਹੈ। ਅੱਜ ਹਰ ਚੀਜ਼ 'ਤੇ ਕਬਜ਼ੇ ਦੀ ਇਸੇ ਪ੍ਰਵਿਰਤੀ ਨੂੰ ਧਾਰਮਿਕ ਕੰਮਾਂ ਦਾ ਮਿਆਰ ਮੰਨਿਆ ਜਾਣ ਲੱਗ ਪਿਆ ਹੈ। ਕੁਦਰਤੀ ਜਲ ਸੋਮਿਆਂ ਨੂੰ ਉਜਾੜਨ ਅਤੇ ਧਾਰਮਿਕ ਸਥਾਨਾਂ ਨਾਲ ਜੁੜੇ ਪੁਰਾਣੇ ਸਰੋਵਰਾਂ ਨੂੰ ਉਜਾੜਨ ਜਾਂ ਸਵਿਮਿੰਗ ਪੂਲਾਂ ਵਿੱਚ ਬਦਲਣ ਦੇ ਸਭ ਤੋਂ ਵੱਧ ਕਸੂਰਵਾਰ ਧਾਰਮਿਕ ਆਗੂ ਹੀ ਹਨ। ਧਾਰਮਿਕ ਇਮਾਰਤਾਂ ਨਾਲ ਜੁੜੇ ਜ਼ਿਆਦਾਤਰ ਸਰੋਵਰ ਮੀਂਹਾਂ ਦਾ ਪਾਣੀ ਰੋਕਣ ਦੀ ਬਜਾਏ ਟਿਊਬਵੈੱਲਾਂ ਨਾਲ ਹੀ ਭਰੇ ਜਾ ਰਹੇ ਹਨ। ਅੱਜ ਇਨ੍ਹਾਂ ਆਗੂਆਂ ਨੂੰ ਜੇਕਰ ਗ਼ੌਰ ਨਾਲ ਸੁਣਿਆ ਜਾਵੇ ਤਾਂ ਉਨ੍ਹਾਂ ਦੇ ਪ੍ਰਵਚਨਾਂ ਵਿੱਚ ਕੁਦਰਤ ਪ੍ਰਤੀ ਸ਼ਰਧਾ ਦੇ ਇਤਰ ਦਾ ਕੋਈ ਛਿੱਟਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਰੱਬੀ ਜਜ਼ਬੇ ਦੀ ਖ਼ੁਸ਼ਬੂ ਹੁੰਦੀ ਹੈ, ਯਾਨੀ ਪੰਜ ਤੱਤਾਂ ਦਾ ਕੋਈ ਜ਼ਿਕਰ ਉਨ੍ਹਾਂ ਦੇ ਪ੍ਰਵਚਨਾਂ ਵਿੱਚ ਨਹੀਂ ਹੁੰਦਾ। ਇੱਕ ਗ਼ੈਰ-ਸਰਕਾਰੀ ਸਰਵੇ ਮੁਤਾਬਿਕ+ ਦੇਸ਼ ਭਰ ਵਿੱਚ ਧਾਰਮਿਕ ਪ੍ਰੋਗਰਾਮਾਂ 'ਤੇ ਖ਼ਰਚ ਹੋਣ ਵਾਲੇ ਸਾਲਾਨਾ ਧਨ ਨਾਲ ਦੁਨੀਆ ਦੇ ਲਗਭਗ 40 ਦੇਸ਼ਾਂ ਦਾ ਗੁਜ਼ਾਰਾ ਹੋ ਸਕਦਾ ਹੈ। ਅੱਜ ਕੋਈ ਸੰਤ-ਮਹੰਤ, ਮੌਲਵੀ, ਪਾਦਰੀ ਜਾਂ ਕਿਸੇ ਵੀ ਫ਼ਿਰਕੇ ਦਾ ਧਾਰਮਿਕ ਆਗੂ ਇਹ ਨਹੀਂ ਕਹਿੰਦਾ ਕਿ ਅਸੀਂ ਸਿਰਫ਼ ਦਰੱਖ਼ਤ ਲਾਵਾਂਗੇ, ਜਾਂ ਅਸੀਂ ਸਿਰਫ਼ ਪੁਰਾਣੇ ਸਰੋਵਰਾਂ ਨੂੰ, ਪੁਰਾਣੇ ਟੋਭਿਆਂ ਨੂੰ ਸੋਹਣੀਆਂ ਝੀਲਾਂ ਵਿੱਚ ਬਦਲਾਂਗੇ, ਜਾਂ ਅਸੀਂ ਆਪਣੀ ਮਿੱਟੀ, ਪਸ਼ੂ, ਪਰਿੰਦੇ ਬਚਾਉਣ ਦੀ ਮੁਹਿੰਮ ਚਲਾਵਾਂਗੇ ਜਾਂ ਅਸੀਂ ਸਾਰੇ ਮਿਲ ਕੇ ਰੱਬੀ ਦਾਤਾਂ ਬਚਾਵਾਂਗੇ। ਪਾਖੰਡੀ ਦੁਆਵਾਂ ਦਾ ਆਸ਼ੀਰਵਾਦ ਵੰਡਦੇ ਇਨ੍ਹਾਂ ਅਖੌਤੀ ਆਗੂਆਂ ਨੂੰ ਆਪਣੇ ਲਈ ਨੇਤਾਵਾਂ ਦੇ ਆਸ਼ੀਰਵਾਦ ਦੀ ਤਾਂਘ ਹਮੇਸ਼ਾ ਰਹਿੰਦੀ ਹੈ। ਉਂਝ ਜੇਕਰ ਸੋਚਿਆ ਜਾਵੇ ਜਿਹੜੇ ਲੋਕ ਰੱਬੀ ਦਾਤਾਂ (ਮਾਸਖੋਰ ਭਲਿਓ ਲੋਕੋ! ਪਸ਼ੂ ਵੀ ਰੱਬੀ ਦਾਤਾਂ ਦਾ ਹੀ ਹਿੱਸਾ ਹਨ) ਬਚਾਉਣ ਲਈ ਕੋਈ ਉਪਰਾਲਾ ਨਹੀਂ ਕਰਦੇ ਉਹ ਧਾਰਮਿਕ ਵੀ ਕਿੱਦਾਂ ਹੋ ਸਕਦੇ ਹਨ?

ਹਰ ਸਾਲ ਸਿਰਫ਼ ਪੰਜਾਬ 159 ਲੱਖ ਟਨ ਪਰਾਲੀ ਫੂਕਦਾ ਹੈ। ਜਿਸ ਨਾਲ 233 ਲੱਖ ਟਨ ਕਾਰਬਨ ਡਾਇਆਕਸਾਈਡ ਅਤੇ ਦੂਜੇ ਸਸਪੈਂਡਿਡ ਤੱਤਾਂ ਦੀ ਮਾਤਰਾ ਵਧਦੀ ਹੈ। ਪਰਾਲ਼ੀ ਸਾੜਨ ਦੇ ਨਾਲ ਹਰ ਸਾਲ ਦੋ ਇੰਚ ਮਿੱਟੀ ਦੀ ਪਰਤ ਸੜ ਕੇ ਸੁਆਹ ਹੋ ਜਾਂਦੀ ਹੈ ਜਿਹੜੀ ਫੇਰ ਕਿਸੇ ਕੰਮ ਦੀ ਨਹੀਂ ਰਹਿੰਦੀ। ਪਰਾਲ਼ੀ ਫੂਕਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ 98 ਫ਼ੀ ਸਦੀ ਮਿੱਟੀ ਦਾ ਆਰਗੈਨਿਕ ਕਾਰਬਨ ਘਟ ਚੁੱਕਾ ਹੈ। ਇਸੇ ਪਰਾਲੀ ਤੋਂ ਜੈਵਿਕ ਖਾਦ ਬਣਾਈ ਜਾ ਸਕਦੀ ਹੈ। ਜੇਕਰ ਪਰਾਲ਼ੀ ਦੀ ਮਾਤਰਾ ਫੇਰ ਵੀ ਜ਼ਿਆਦਾ ਹੋਵੇ ਤਾਂ ਉਸਨੂੰ ਉਨ੍ਹਾਂ ਸੂਬਿਆਂ ਵਿੱਚ ਭੇਜਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਡੰਗਰਾਂ ਲਈ ਚਾਰਾ ਘੱਟ ਹੁੰਦਾ ਹੈ। ਲੇਕਿਨ ਇਹ ਸਭ ਕਰਨ ਲਈ ਮਨ ਦਾ ਵੀ ਜੈਵਿਕ ਹੋਣਾ ਜ਼ਰੂਰੀ ਹੁੰਦਾ ਹੈ, 'ਸਰਬੱਤ ਦਾ ਭਲਾ' ਚਾਹੁਣ ਵਾਲੇ ਆਗੂ ਵੀ ਹੋਣੇ ਚਾਹੀਦੇ ਹਨ। ਫ਼ਿਲਹਾਲ ਤਾਂ ਸਿਰਫ਼ ਕਾਰਾਂ, ਸਕੂਟਰਾਂ ਉੱਤੇ ਹੀ ਵੀਹ ਰੁਪਏ ਦਾ ਸਟਿੱਕਰ ਚਿਪਕਾ ਕੇ ਜਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਹੀ ਵਾਤਾਵਰਣ ਬਚਾਉਣ ਦੇ ਸਾਰੇ ਕ+ਨੂੰਨੀ ਫ਼ਰਜ਼ ਨਿਭਾ ਦਿੱਤੇ ਜਾਂਦੇ ਹਨ।

ਦੋਵੇਂ ਸੂਬਿਆਂ ਵਿੱਚ ਮਿੱਟੀ ਦੇ ਸੈਂਪਲ ਲਗਾਤਾਰ ਫੇਲ੍ਹ ਹੋ ਰਹੇ ਹਨ। ਸੈਂਪਲ ਚੈੱਕ ਕਰਨ ਵਾਲੇ ਅਧਿਕਾਰੀ ਹਾਲਾਂਕਿ ਸਰਕਾਰੀ ਹੁੰਦੇ ਹਨ, ਲੇਕਿਨ ਫੇਰ ਵੀ ਆਪਣੇ ਬਚੇ ਖੁਚੇ ਸੰਸਕਾਰਾਂ ਕਾਰਨ ਕੁੱਝ ਅਧਿਕਾਰੀ ਸ਼ਾਮ 5 ਵਜੇ ਤੋਂ ਬਾਅਦ ਆਪਣਾ ਈਮਾਨ ਬਚਾਉਣ ਲਈ ਸੱਚ ਬੋਲ ਹੀ ਦਿੰਦੇ ਹਨ। ਉਨ੍ਹਾਂ ਅਨੁਸਾਰ ਮਿੱਟੀ ਦੀ ਕਵਾਲਿਟੀ ਹਰ ਸਾਲ ਪਰਾਲੀ ਸਾੜਨ ਕਾਰਣ, ਕੀਟਨਾਸ਼ਕਾਂ ਦੇ ਜਾਹਿਲਾਨਾ ਇਸਤੇਮਾਲ ਦੇ ਕਾਰਨ, ਅੰਨ੍ਹੇਵਾਹ ਫ਼ਸਲਾਂ ਬੀਜਣ ਦੇ ਲਾਲਚ ਅਤੇ ਰਸਾਇਣਕ ਖਾਦਾਂ ਦੇ ਇਸਤੇਮਾਲ ਕਾਰਨ, ਖ਼ਤਮ ਹੋ ਰਹੀ ਹੈ ਅਤੇ ਮਿੱਟੀ ਦੇ ਦੋਸਤ ਜੀਵ ਵੀ ਲਗਾਤਾਰ ਮਰ ਰਹੇ ਹਨ। ਹਰਿਆਣਾ-ਪੰਜਾਬ ਦੀ 2 ਹੈਕਟੇਅਰ ਧਰਤੀ ਹਰ ਸਾਲ ਬੰਜਰ ਹੋ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਕਾਫ਼ੀ ਪਿੰਡ ਬੀਆਬਾਨਾਂ ਵਿੱਚ ਬਦਲ ਚੱਲੇ ਹਨ। ਰੋਪੜ, ਪਟਿਆਲਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਲੋਕਾਂ ਦੇ ਖ਼ੂਨ ਵਿੱਚ ਪਾਏ ਜਾਣ ਵਾਲੇ ਪੈਸਟੀਸਾਈਡਾਂ ਦੇ ਤੱਤ ਖ਼ਤਰਨਾਕ ਹੱਦ ਪਾਰ ਕਰ ਚੁੱਕੇ ਹਨ। ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਇੱਕ ਲੱਖ ਲੋਕਾਂ ਪਿੱਛੇ ਕੈਂਸਰ ਪੀੜਤਾਂ ਦੀ ਗਿਣਤੀ 110 ਤੱਕ ਪੁੱਜ ਗਈ ਹੈ। ਫਤਿਹਾਬਾਦ ਜ਼ਿਲ੍ਹੇ ਦਾ ਪਿੰਡ ਮੱਲੇਵਾਲ ਵਿਕਾਊ ਪਿੰਡ ਦਾ ਬੋਰਡ ਲਾਉਣ ਵਾਲਾ ਸਭ ਤੋਂ ਤਾਜ਼ਾ ਪਿੰਡ ਹੈ। ਉੱਥੋਂ ਦੇ ਹਰ ਵਸਨੀਕ ਦੇ ਖ਼ੂਨ ਵਿੱਚ ਡੀ. ਡੀ. ਟੀ. ਅਤੇ ਹੋਰ ਕਈ ਤਰ੍ਹਾਂ ਦੇ ਪੈਸਟੀਸਾਈਡ ਘੁਲ ਚੁੱਕੇ ਹਨ, ਜਿਨ੍ਹਾਂ ਕਰਕੇ ਭਿਆਨਕ ਬੀਮਾਰੀਆਂ ਜਨਮ ਲੈ ਰਹੀਆਂ ਹਨ। ਇਹ ਸਭ ਆਉਣ ਵਾਲੇ ਭਿਆਨਕ ਖ਼ਤਰਿਆਂ ਦੀਆਂ ਘੰਟੀਆਂ ਹਨ, ਜਿਹੜੀਆਂ ਸਾਨੂੰ ਧਾਰਮਿਕ ਇਮਾਰਤਾਂ ਉੱਤੇ ਲੱਗੇ ਲਾਊਡਸਪੀਕਰਾਂ ਦੇ ਰੌਲੇ ਕਾਰਨ ਸੁਣਾਈ ਨਹੀਂ ਦਿੰਦੀਆਂ। ਆਕਾਸ਼ ਪੁੱਤਰੀ ਕਲਪਨਾ ਚਾਵਲਾ ਨੇ ਆਪਣੀ ਆਖ਼ਰੀ ਗੱਲਬਾਤ ਵਿੱਚ ਕਿਹਾ ਸੀ,''ਸਾਨੂੰ ਕੁਦਰਤ ਦੀਆਂ ਆਵਾਜ਼ਾਂ ਨੂੰ ਸੁਣਨਾ, ਸਮਝਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੀ ਇਸ ਨਾਜ਼ੁਕ ਧਰਤੀ ਦੀ ਦੇਖਭਾਲ ਕਰਨੀ ਚਾਹੀਦੀ ਹੈ।''

ਆਪਣੇ ਦੇਸ਼ ਵਿੱਚ ਅੰਨ ਨੂੰ ਬ੍ਰਹਮ ਕਿਹਾ ਗਿਆ, ਕਿਉਂਕਿ ਉਸ ਤੋਂ ਹੀ ਜੀਵਨ ਮਿਲਦਾ ਹੈ। ਦੇਸ਼ ਵਿੱਚ ਕੁਦਰਤ ਵਿੱਚ ਦਿਸਦੀ ਹਰੇਕ ਚੀਜ਼ ਵਿੱਚ ਪਰਮਾਤਮਾ ਦੀ ਝਲਕ ਲੱਭਣ ਦੀ ਪ੍ਰਵਿਰਤੀ ਲੱਖਾਂ ਸਾਲਾਂ ਤੋਂ ਚਲਦੀ ਆ ਰਹੀ ਹੈ। ਜਿਸ ਦੇਸ਼ ਵਿੱਚ ਨਦੀ ਜਾਂ ਸਰੋਵਰਾਂ ਵਿੱਚ ਵੀ ਇਸ਼ਨਾਨ ਤੋਂ ਪਹਿਲਾਂ ਹੱਥ ਜੋੜ ਕੇ ਨਮਸਕਾਰ ਕਰਨ ਜਿਹੀਆਂ ਨਿਰਮਲ ਰੀਤਾਂ ਰਹੀਆਂ ਹੋਣ ਉਸ ਦੇਸ਼ ਵਿੱਚ ਕੁੱਝ ਔੜ ਬੜਿੰਗ 'ਰੈਡੀਕਲਾਂ' ਦੀਆਂ ਗੱਲਾਂ ਕਿਉਂ ਮੰਨੀਆਂ ਜਾਣ ਕਿ ਪਾਣੀ ਤਾਂ ਸਿਰਫ਼ ਪਾਣੀ ਹੀ ਹੈ, ਪਾਣੀ ਤਾਂ ਸਿਰਫ਼ ਐਚ. ਟੂ. ਓ. ਹੀ ਹੈ। ਕਿੱਥੇ ਹੈ ਪਰਮਾਤਮਾ? ਜੇਕਰ ਅਜਿਹੇ ਤਰਕ ਹੀ ਆਉਣ ਵਾਲੇ ਅਖੌਤੀ ਪ੍ਰਗਤੀਸ਼ੀਲ ਸਮਾਜ ਦੀ ਨੀਹਾਂ ਦੀ ਹਨੇਰਗਰਦੀ ਹਨ ਤਾਂ ਫੇਰ ਸਾਹ ਕੀ ਹੈ?, ਹਵਾ ਹੀ ਹੈ, ਹਵਾ ਕੀ ਹੈ? ਗੈਸਾਂ ਤੋਂ ਇਲਾਵਾ ਸ਼ਾਇਦ ਕੁੱਝ ਵੀ ਨਹੀਂ। ਕੱਢੋ ਅਤੇ ਛੱਡੋ ਫੇਰ ਸਾਹ! ਜੀ ਨਹੀਂ, ਇਸ ਭਾਵ-ਪ੍ਰਧਾਨ ਦੇਸ਼ ਵਿੱਚ ਪੂਰੇ ਜਗਤ ਨੂੰ ਸਚੇਤਨ ਮੰਨਿਆ ਗਿਆ, ਜਿੱਥੋਂ ਤੱਕ ਵੀ ਕੁੱਝ ਦਿਖਾਈ ਦਿੰਦਾ ਹੈ, ਬੱਸ ਉਹੀ ਅੰਤ ਨਹੀਂ, ਉਸਦੇ ਅੰਦਰ ਹੋਰ ਵੀ ਬਹੁਤ ਕੁੱਝ ਗਹਿਰਾ ਹੈ। ਪੰਜ ਤੱਤ ਉਨ੍ਹਾਂ ਗਹਿਰਾਈਆਂ ਦੇ ਹੀ ਸੱਚ ਹਨ। ਇੱਥੇ ਸਿਰਫ਼ ਨੌਕਰੀਆਂ ਲਈ ਕੀਤੀਆਂ ਡਿਗਰੀਆਂ ਦਾ 'ੳ, ਅ' ਬੇ-ਅਰਥ ਹੋ ਜਾਂਦਾ ਹੈ। ਇਸ ਲਈ ਦੂਜੀਆਂ ਸਭਿਅਤਾਵਾਂ ਉੱਤੇ ਲਗਾਤਾਰ ਕਲਸਟਰ ਬੰਬਾਂ ਨਾਲ ਹਮਲੇ ਕਰਨ ਵਾਲੇ, ਸਾਊ ਮੁਲਕਾਂ ਦੀ ਬਰਬਾਦੀ ਲਈ ਦਰਿੰਦਿਆਂ ਨੂੰ ਹਥਿਆਰ ਦੇਣ ਵਾਲੇ, ਦੂਜੇ ਮੁਲਕ+ ਦੀਆਂ ਜ਼ਮੀਨਾਂ ਲਈ ਬੰਜਰੀ ਬੀਅ ਭੇਜਣ ਵਾਲੇ, ਦੂਜਿਆਂ ਦੀ ਧਰਤੀ ਦੀ ਉਪਜਾਊ ਤਾਕ+ਤ ਨੂੰ ਫੂਕਣ ਵਾਲੇ ਪੈਸਟੀਸਾਈਡ ਭੇਜ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਗ਼ੁਲਾਮ ਬਣਾਉਣ ਵਾਲੇ, ਦੂਜਿਆਂ ਦਾ ਤੇਲ, ਦਰੱਖ਼ਤ, ਵਨਸਪਤੀ, ਪਾਣੀ ਅਤੇ ਜੀਵਨ ਦੇ ਗੂੜ੍ਹ ਰਹਿਸ ਹੜਪਣ (ਪੇਟੈਂਟ) ਵਾਲੇ ਜਦੋਂ ਦੂਜੇ ਗ੍ਰਹਿਆਂ ਉੱਤੇ ਵੀ ਜਾਂਦੇ ਹਨ ਤਾਂ ਉੱਥੇ ਵੀ ਧਰਤੀ 'ਤੇ ਕੀਤੇ ਆਪਣੇ ਪਾਪਾਂ ਤੋਂ ਡਰ ਦੇ ਕਾਰਨ ਹੀ ਸਭ ਤੋਂ ਪਹਿਲਾਂ ਪਾਣੀ ਹੀ ਲੱਭਦੇ ਹਨ। ਇਸ ਲਈ ਸਾਨੂੰ 'ਵਿਸ਼ਵ ਵਪਾਰ ਸੰਗਠਨ' ਅਤੇ ਆਈ. ਐਮ. ਐਫ. ਜਿਹੇ 'ਗਜ਼ਨਵੀਆਂ' ਦੀ ਪਰਵਾਹ ਕੀਤੇ ਬਗ਼ੈਰ ਆਪਣੀ ਸੰਸਕ੍ਰਿਤੀ, ਪ੍ਰੰਪਰਾਵਾਂ ਅਤੇ ਮਹਾਨ ਸੰਤ ਦਰਸ਼ਨ ਤੋਂ ਪ੍ਰੇਰਣਾ ਲੈ ਕੇ ਆਪਣੇ ਵਾਤਾਵਰਣ ਨੂੰ ਸੰਭਾਲਣ ਵਿੱਚ ਫੌਰੀ ਜੁਟ ਜਾਣਾ ਚਾਹੀਦਾ ਹੈ। ਜ਼ਰਾ ਯਾਦ ਕਰੋ ਆਪਣੇ ਦੇਸੀ ਤਰੀਕਿਆਂ ਦਾ ਉਹ ਭਰੋਸਾ ਜਿਨ੍ਹਾਂ ਨੂੰ ਅਪਣਾ ਕੇ ਆਪਣੇ ਪੁਰਖਿਆਂ ਨੇ ਆਜ਼ਾਦੀ ਦੀ 'ਕੂਕ' ਮਾਰੀ ਸੀ। ਭਾਵੇਂ ਉਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ ਪਰ ਆਜ਼ਾਦੀ ਦਾ ਸਾਰਾ ਦੇਸੀ ਜਜ਼ਬਾ, ਦੇਸ਼ ਦੇ ਹਰ ਹਿੱਸੇ ਦੀਆਂ ਵੱਖੋ-ਵੱਖਰੀਆਂ ਆਵਾਜ਼ਾਂ ਦੇ ਬਾਵਜੂਦ ਕਿੱਦਾਂ ਹਰੇਕ ਭਾਰਤੀ ਦੇ ਦਿਲ ਵਿੱਚ 'ਸ੍ਵਦੇਸ਼' ਬਣ ਧੜਕਿਆ ਸੀ।

ਸਾਨੂੰ ਸਭਨਾਂ ਨੂੰ ਹੁਣ ਫੇਰ ਉਸ ਧਰਤੀ ਨੂੰ ਯਾਦ ਕਰਨਾ ਪਵੇਗਾ ਜਿਸ ਉੱਪਰ ਪੂਰਾ ਜੀਵਨ ਭੋਗ ਕੇ ਵੀ ਅਸੀਂ ਯਾਦ ਨਹੀਂ ਕਰਦੇ। ਅਸੀਂ ਸਿਰਫ਼ ਆਪਣੇ ਬਣਾਏ ਤੰਤਰ ਨੂੰ ਹੀ ਪਰਜਾਤੰਤਰ ਮੰਨ ਬੈਠੇ ਹਾਂ। ਸ਼ਾਇਦ ਇਹ ਠੀਕ ਨਹੀਂ। ਪਰਮਪਿਤਾ ਪਰਮੇਸ਼ਰ ਨੇ ਇਸ ਧਰਤੀ ਉੱਤੇ ਸਿਰਫ਼ ਆਦਮੀ ਨੂੰ ਹੀ ਪੈਦਾ ਨਹੀਂ ਕੀਤਾ। ਉਸਨੇ ਪਸ਼ੂ, ਪੰਛੀ, ਕੀਟ, ਪਤੰਗੇ, ਦਰੱਖ਼ਤ ਅਤੇ ਬੂਟਿਆਂ ਨੂੰ ਵੀ ਪੈਦਾ ਕੀਤਾ ਹੈ। ਇਹ ਸਭ ਮਿਲਕੇ ਹੀ ਤਾਂ ਪਰਜਾ ਕਹਾਉਂਦੇ ਹਨ। ਇਸੇ ਲਈ ਉਸ ਪਰਮੇਸ਼ਵਰ ਦਾ ਇੱਕ ਨਾਂ ਪਰਜਾਪਤੀ ਵੀ ਹੈ।

ਪਸ਼ੂ, ਪੰਛੀ, ਕੀਟ, ਪਤੰਗੇ, ਦਰੱਖ਼ਤ ਅਤੇ ਬੂਟੇ ਸਾਡੇ ਵਾਂਗ ਕੋਈ ਵਿਧਾਨ ਨਹੀਂ ਰਚਦੇ। ਉਹ ਸੁਭਾਅ ਤੋਂ ਹੀ ਸੰਸਾਰ ਦੇ ਹੱਕ+ ਵਿੱਚ ਅਣਲਿਖਤ ਮਰਿਆਦਾ ਦੀ ਪਾਲਣਾ ਕਰਦੇ ਹਨ। ਆਦਮੀ ਤੋਂ ਇਲਾਵਾ ਕੋਈ ਵੀ ਕੁਦਰਤ ਦੇ ਖ਼ਿਲਾਫ਼ ਜੰਗ ਲੜਦਾ ਨਹੀਂ ਦਿਸਦਾ। ਨਿੱਕੀ ਜਿਹੀ ਚਿੜੀ ਵੀ ਆਪਣੀ ਚੁੰਝ ਨਾਲ ਸਿਰਫ਼ ਇੱਕ ਦਾਣਾ ਹੀ ਚੁਗਦੀ ਹੈ, ਇਸ ਤੋਂ ਜ਼ਿਆਦਾ ਨਹੀਂ। ਇਸੇ ਕਰਕੇ ਕਿਤੇ ਵੀ ਇਨ੍ਹਾਂ ਲਈ ਮਾਲਗੋਦਾਮਾਂ ਦੀ ਜ਼ਰੂਰਤ ਨਹੀਂ ਹੁੰਦੀ। ਹਿੰਸਕ ਪਸ਼ੂ ਪਤਾ ਨਹੀਂ ਕਦੋਂ ਤੋਂ ਸ਼ਿਕਾਰ ਕਰਦੇ ਆ ਰਹੇ ਹਨ, ਪਰ ਕਿਤੇ ਵੀ ਜਾਨਵਰਾਂ ਦੀ ਗਿਣਤੀ ਘੱਟ ਨਹੀਂ ਹੋਈ। ਲੇਕਿਨ ਆਦਮੀ ਦੀ ਸ਼ਿਕਾਰੀ ਪ੍ਰਵਿਰਤੀ ਅਤੇ ਸਿਰਫ਼ ਮਾਸਖ਼ੋਰੀ ਲਈ ਬਣੀਆਂ ਕਹਾਣੀਆਂ ਦੇ ਹਵਾਲਿਆਂ ਕਾਰਨ, ਅੱਜ ਪੂਰੀ ਧਰਤੀ ਦੇ ਜੀਵਾਂ 'ਤੇ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਅੱਜ ਆਪਣੇ ਦੇਸ਼ ਵਿੱਚ ਹੀ ਲਗਭਗ 50 ਕਰੋੜ ਲੋਕ ਡੰਗਰਖੋਰ ਹੋ ਚੁੱਕੇ ਹਨ। ਦੇਸ਼ ਵਿੱਚ ਲਗਭਗ 10 ਲੱਖ ਬੁੱਚੜਖਾਨੇ ਹਨ ਜਿਨ੍ਹਾਂ ਵਿੱਚ 11 ਕਰੋੜ 30 ਲੱਖ ਨਿੱਕੇ ਵੱਡੇ ਪਸ਼ੂ ਅਤੇ 20 ਕਰੋੜ ਪਰਿੰਦੇ ਹਰ ਸਾਲ ਵੱਢੇ ਟੁੱਕੇ ਜਾਂਦੇ ਹਨ। ਹਰਿਆਲੀ ਦਾ ਨਾਸ਼ ਕਰਕੇ, ਪਸ਼ੂਆਂ ਨੂੰ ਮਾਰ ਕੇ, ਡਕਾਰ ਕੇ ਅਤੇ ਉਨ੍ਹਾਂ ਦੇ ਖ਼ੂਨ ਦਾ ਚਿੱਕੜ ਬਣਾ ਕੇ ਹੀ ਜੇਕਰ ਸਵਰਗ ਜਾਣ ਦਾ ਹਾਈਵੇਅ ਹੈ, ਤਾਂ ਫੇਰ ਨਰਕ ਜਾਣ ਦਾ ਰਸਤਾ ਕਿਹੜਾ ਹੈ? ਧਰਤੀ 'ਤੇ ਆਪਣੀ ਬੇ-ਮਾਅਨੀ ਸੁਰੱਖਿਆ ਦੇ ਉਪਾਅ ਲੱਭਣ ਦੀ ਹੜਬੜੀ ਵਿੱਚ ਆਪਾਂ ਸਭਨਾਂ ਨੇ ਆਪਣੇ ਪੰਜਾਂ ਤੱਤਾਂ 'ਚੋਂ ਚਾਰ ਵਿਗਾੜ ਲਏ ਹਨ। ਇਸੇ ਕਰਕੇ ਪੰਜਵਾਂ ਤੱਤ 'ਅੱਗ' ਭਾਰੂ ਹੋ ਚੱਲਿਆ ਹੈ। ਅੱਜ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਚਰਚਾ ਦਾ ਵਿਸ਼ਾ 'ਧਰਤੀ ਦਾ ਵਧਦਾ ਬੁਖ਼ਾਰ' ਹੀ ਹੈ ਅਤੇ ਇਸ ਬੁਖ਼ਾਰ ਦਾ ਇਲਾਜ ਆਪਣੇ ਰਿੱਗਵੇਦ ਅਤੇ ਮਹਾਨ ਸੰਤ ਦਰਸ਼ਨ ਨਾਲ ਹੀ ਸੰਭਵ ਦਿਸਦਾ ਹੈ। ਇਨ੍ਹਾਂ ਪੰਜਾਂ ਤੱਤਾਂ ਨੂੰ ਬਚਾਉਣ ਦਾ ਕੰਮ ਸਰਕਾਰੀ ਤੰਤਰਾਂ, ਸਰਕਾਰੀ ਨੀਤੀਆਂ ਜਾਂ ਨੇਤਾਵਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਾਡੇ ਰਾਜਰੋਗੀਆਂ ਦੀਆਂ ਗਰਦਨਾਂ ਵਿੱਚ WTO ਦਾ ਸਰਵਾਈਕਲ (CERVICAL) ਪੂਰੀ ਤਰ੍ਹਾਂ ਬੈਠ ਚੁੱਕਾ ਹੈ ਅਤੇ ਇਹ ਸਰਵਾਈਕਲ ਵਿਕਾਸ ਦੇ ਨਾਂਅ 'ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਗਰਦਨਾਂ ਲਈ ਗਿਲੋਟੀਨ ਸਾਬਤ ਹੋਵੇਗਾ। ਹਰਸੂਦ, ਟੀਹਰੀ ਜਿਹੇ ਉਦਾਹਰਣ ਅਜਿਹੇ ਹੀ ਵਿਕਾਸ ਦੇ ਫ਼ਤਵਈ ਕੋੜਿਆਂ ਦੀ ਤਾਜ਼ੀ ਮਿਸਾਲ ਹਨ। ਇਨ੍ਹਾਂ ਫ਼ਤਵਿਆਂ ਵਿੱਚ ਕਿਸੇ ਮਾਨਵੀ ਸੰਵੇਦਨਾ ਦੀ ਕੋਈ ਝਲਕ ਨਹੀਂ ਦਿਸਦੀ। 25 ਹਜ਼ਾਰ ਦੀ ਆਬਾਦੀ ਵਾਲਾ ਚਾਰ ਸੌ ਸਾਲ ਪੁਰਾਣਾ ਹਰਸੂਦ ਸ਼ਹਿਰ ਸਰਕਾਰ ਵੱਲੋਂ ਤਾਰੀਖ਼ ਤੈਅ ਕਰਕੇ ਯਾਨੀ 30 ਜੂਨ, 2007 ਨੂੰ ਉਜਾੜ ਦਿੱਤਾ ਗਿਆ।

ਅੱਜ ਸਾਡੇ ਨੇਤਾ ਕਿਸੇ ਵੀ ਪਿੰਡ 'ਚ ਮਾਮੂਲੀ 'ਟਾਇਲਟ' ਬਣਾਉਣ ਲਈ ਵੀ ਵਿਸ਼ਵ ਬੈਂਕ ਤੋਂ ਹੀ ਪੈਸਾ ਮੰਗਦੇ ਹਨ। 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਜੇਕਰ 'ਟਾਇਲਟ' ਵਾਸਤੇ ਪੈਸਾ 'ਵਿਸ਼ਵ ਬੈਂਕ' ਤੋਂ ਹੀ ਮੰਗਿਆ ਜਾ ਰਿਹਾ ਹੋਵੇ, 82 ਕਰੋੜ ਲੋਕ ਐਲਾਨ ਕੇ ਆਟਾ-ਦਾਲ ਸਕੀਮ ਤਹਿਤ ਆ ਚੁੱਕੇ ਹੋਣ ਤਾਂ ਦੇਸ਼ ਚਲਾਉਣ ਵਾਲੇ ਆਗੂਆਂ 'ਤੇ ਕਿੱਦਾਂ ਅਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਦੇਸ਼ ਦੇ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਸੁਭਾਅ ਅਨੁਸਾਰ ਦੇਸ਼ ਚਲਾਉਣ ਦੇ ਹਮਾਇਤੀ ਹੋਣਗੇ? ਅੱਜ ਅਸੀਂ ਵੇਖ ਰਹੇ ਹਾਂ ਕਿ ਕਿਸੇ ਵੀ ਸਿਆਸੀ ਵਿਚਾਰਧਾਰਾ ਦੀ ਕ+ਬਜ਼ ਨੂੰ ਸੱਤਾ ਦੇ ਸੁਆਦ ਦੀ ਮਾਮੂਲੀ ਈਸਬਗੋਲ ਹੀ ਖੋਲ੍ਹ ਸੁੱਟਦੀ ਹੈ। ਉਂਝ ਵੀ ਇਹ ਦੌਰ ਗ਼ਜ਼ਬ ਦੀ ਸਿਆਸੀ ਸਰਵਸੰਮਤੀ ਦਾ ਦੌਰ ਹੈ। ਮੁਲਕ+ ਦੀ ਤਬਾਹੀ ਵਾਲੇ ਸਭ ਵਿਚਾਰਾਂ ਵਿੱਚ ਸਭ ਪਾਰਟੀਆਂ ਦੀ ਸਰਵਸੰਮਤੀ ਦਿਸਦੀ ਹੈ। ਇਸ ਸਿਆਸੀ ਦੌਰ ਦੀ ਸਭ ਤੋਂ ਕਮਾਲ ਸਹਿਮਤੀ ਇਹ ਹੈ ਕਿ ਇਹ ਦੌਰ ਭਰੇ ਹੋਏ ਗੱਲੇ ਅਤੇ ਉਸ ਗੱਲੇ ਨੂੰ ਖੋਹਣ ਵਾਲਿਆਂ ਦੇ ਏਕੇ ਦਾ ਦੌਰ ਹੈ। ਅੱਜ ਦੇਸ਼ ਦੀ ਧਰਤੀ ਅਤੇ ਦੇਸ਼ ਦੇ ਪਾਣੀ ਦਾ ਮੁੱਲ ਲੱਗ ਚੁੱਕਾ ਹੈ। 'ਨਦੀਆਂ ਜੋੜੋ' ਯੋਜਨਾ, ਐਫ਼ ਡੀ ਆਈ ਉਸੇ ਦੀ ਸ਼ੁਰੂਆਤ ਹੈ। ਵਿਸ਼ਵ ਵਪਾਰ ਸੰਗਠਨ ਜਿਹੇ 'ਵਲੀ ਕੰਧਾਰੀ' ਸਾਨੂੰ ਫੇਰ ਅੱਜ ਤਿਹਾਏ ਮਾਰਨਾ ਚਾਹੁੰਦੇ ਹਨ।

ਅੱਜ ਜਿਸ ਤਰ੍ਹਾਂ ਦੇ ਲੋਕਤੰਤਰ ਵਿੱਚ ਆਪਾਂ ਸਭ ਸਹਿਕ ਰਹੇ ਹਾਂ ਉਸਦੀ ਉਦਾਹਰਣ ਮੈਂ ਮਹਾਨ ਬੰਗਲਾ ਸਾਹਿਤਕਾਰ ਸ਼ਰਤਚੰਦਰ ਦੇ ਇੱਕ ਨਾਵਲ 'ਪਾਥੇਰ ਦਾਬੀ' 'ਚੋਂ ਦੇਣਾ ਚਾਹੁੰਦਾ ਹਾਂ। 'ਇੱਕ ਗਾਂ ਕਿੱਲ੍ਹੇ ਨਾਲ ਬੰਨ੍ਹੀ ਹੋਈ ਹੈ, ਉਸਨੂੰ ਦੂਰ ਹਰਿਆਲੀ ਦਿਸਦੀ ਹੈ, ਗਾਂ ਬੰਨ੍ਹੀ ਹੋਣ ਕਰਕੇ ਉੱਥੋਂ ਤੱਕ ਪਹੁੰਚ ਨਹੀਂ ਸਕਦੀ। ਉਹ ਰੰਭਦੀ ਹੈ। ਉਸਨੂੰ ਬੰਨ੍ਹਣ ਵਾਲਾ ਉਸਦੀ ਰੱਸੀ ਗਿੱਠ ਕੁ ਢਿੱਲੀ ਕਰ ਦਿੰਦਾ ਹੈ, ਗਾਂ ਫੇਰ ਜ਼ੋਰ ਲਗਾਉਂਦੀ ਹੈ। ਰੱਸੀ ਥੋੜ੍ਹੀ ਹੋਰ ਢਿੱਲੀ ਕਰ ਦਿੱਤੀ ਜਾਂਦੀ ਹੈ, ਹਰਾ-ਹਰਾ ਘਾਹ ਮੂੰਹ ਤੱਕ ਆ ਵੀ ਜਾਂਦਾ ਹੈ, ਪਰ ਖੁੱਲ੍ਹ ਕੇ ਚਰਨ ਵਾਲਾ ਮਨ ਨਹੀਂ ਭਰਦਾ। ਰੱਸੀ ਥੋੜ੍ਹੀ ਹੋਰ ਢਿੱਲੀ ਕਰ ਦਿੱਤੀ ਜਾਂਦੀ ਹੈ ....।' ਬੱਸ ਇਹੋ ਅੱਜ ਆਪਣੀ ਸਭ ਦੀ ਆਜ਼ਾਦੀ ਦਾ ਅਰਥ ਹੈ। ਲੋਕਤੰਤਰ ਦੀ ਛਾਂ ਇੰਨੀ ਡਰਾਉਣੀ ਨਹੀਂ ਹੁੰਦੀ, ਜਿੰਨੀ ਆਪਣੇ ਆਗੂਆਂ ਨੇ ਬਣਾ ਦਿੱਤੀ ਹੈ। ਇਸ ਲਈ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਖ਼ਾਤਿਰ ਆਪਾਂ ਸਭ ਨੂੰ ਅਤੇ ਸਾਡੇ ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਮਿੱਟੀ, ਜੰਗਲ, ਜੀਵ, ਦਰੱਖ਼ਤਾਂ ਅਤੇ ਪਾਣੀ ਬਚਾਉਣ ਦਾ ਸਾਰਾ ਕੰਮ ਆਪਣੇ ਹੱਥਾਂ ਵਿੱਚ ਲੈਣਾ ਪਵੇਗਾ, ਇਨ੍ਹਾਂ ਧਾਰਮਿਕ ਆਗੂਆਂ ਨੂੰ ਆਪਣੀਆਂ ਸੰਗਤਾਂ ਨੂੰ ਪੰਜ ਤੱਤਾਂ ਨੂੰ ਬਚਾਉਣ ਦਾ ਕੰਨਾਂ ਦੀ ਬਜਾਏ 'ਐਲਾਨੀਆ' ਨਾਮ ਦਾਨ ਦੇਣਾ ਪਵੇਗਾ। ਆਪਣੇ ਹੀ ਦੇਸ਼ ਵਿੱਚ ਕਸ਼ਮੀਰੀ ਸ਼ਰਣਾਰਥੀਆਂ ਵਾਂਗ ਉਜਾੜੇ ਤਾਲਾਬਾਂ ਦੀ ਮੁੜ ਵਸੋਂ ਲਈ 'ਕਾਰ ਸੇਵਾ' ਕਰਨੀ ਪਵੇਗੀ, ਉਨ੍ਹਾਂ ਨੂੰ ਸੋਹਣੀਆਂ ਝੀਲਾਂ ਵਿੱਚ ਬਦਲ ਕੇ ਆਪਣਾ ਚੌਗਿਰਦਾ ਪਰਮਾਤਮਾ ਦੇ ਦਸਤਖ਼ਤਾਂ ਦੀ ਤਰ੍ਹਾਂ ਵੇਖਣ ਦੀ ਆਦਤ ਬਣਾਉਣੀ ਪਵੇਗੀ। ਧਰਤੀ ਨੂੰ ਸਿਰਫ਼ ਮਹਿੰਗੇ ਪਲਾਟਾਂ ਦੀ ਸ਼ਕਲ ਵਿੱਚ ਦੇਖਣਾ ਬੰਦ ਕਰਨਾ ਪਵੇਗਾ। ਦਰੱਖ਼ਤਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਪੱਕੇ ਮਿੱਤਰ ਠੇਕੇਦਾਰਾਂ ਦੀਆਂ ਅੱਖਾਂ ਨਾਲ ਦੇਖਣਾ ਬੰਦ ਕਰਨਾ ਪਵੇਗਾ। ਆਪਣੇ ਪਸ਼ੂਆਂ ਦੀ ਉਹ ਤਕਲੀਫ਼ ਮਹਿਸੂਸ ਕਰਨੀ ਪਵੇਗੀ, ਜਿਹੜੀ ਕਿਸੇ ਬੁਗਦੇ (ਪਸ਼ੂ ਵੱਢਣ ਵਾਲੇ ਇੱਕ ਹਥਿਆਰ) ਜਾਂ ਆੱਟੋਮੈਟਿਕ ਆਰੇ ਹੇਠ ਵੱਢੇ ਜਾਣ ਸਮੇਂ ਉਨ੍ਹਾਂ ਨੂੰ ਹੁੰਦੀ ਹੋਵੇਗੀ। ਸੰਸਾਰ ਤਾਂ ਪੰਜ ਤੱਤਾਂ ਦਾ ਹੀ ਹੈ। ਕੁਦਰਤ ਵੱਲ ਪਿੱਠ ਮੋੜਨ ਦਾ ਮਤਲਬ ਹੈ 'ਧਰਮਨਿਰਪੱਖ' ਹੋਣਾ। ਬੇਹੂਦੀ 'ਧਰਮਨਿਰਪੱਖਤਾ' ਦੇ ਕਾਰਨ ਹੀ ਅੱਜ ਆਪਾਂ ਆਪਣੀ ਅੰਦਰਲੀ ਟੁੱਟ-ਫੁੱਟ ਦੇ ਨਾਲ-ਨਾਲ ਘਰ, ਗਲੀ, ਮੁਹੱਲੇ, ਸ਼ਹਿਰ ਤੋਂ ਕਟਦੇ-ਕਟਦੇ ਦੇਸ਼ਨਿਰਪੱਖ ਹੋ ਚੁੱਕੇ ਹਾਂ। ਅਜਿਹੀ ਧਰਮਨਿਰਪੱਖਤਾ ਦੇ ਕਾਰਨ ਹੀ 'ਬਨਾਉਟੀ ਸੇਵਾ' ਦਾ 'ਪੈਸਟੀਸਾਈਡ' ਤੱਕ ਸਾਡੇ ਧਰਮਾਂ ਦੀਆਂ ਜੜ੍ਹਾਂ 'ਚ ਪਾਇਆ ਜਾ ਰਿਹਾ ਹੈ। ਅਜਿਹੇ 'ਧਰਮਨਿਰਪੱਖ' ਹੋ ਕੇ, 'ਓ ਭਾਈ ਸਾਬ੍ਹ! ਛੱਡੋ ਵੀ ਆਪਾਂ ਕੀ ਲੈਣਾ', ''ਯਾਰ! ਮੇਰੇ ਕੋਲ ਟਾਈਮ ਨਹੀਂ'' ਜਿਹੇ ਮੁਹਾਵਰਿਆਂ ਦੇ ਸਹਾਰਿਆਂ ਨਾਲ ਸਭਿਅਤਾਵਾਂ ਦੇ ਵਿਕਾਸ ਮੀਨਾਰ ਜ਼ਿਆਦਾ ਦੇਰ ਤੱਕ ਟਿਕਾਏ ਨਹੀਂ ਜਾ ਸਕਦੇ। ਕਿਉਂਕਿ ਕੋਈ ਵੀ ਸਮਾਜ ਮਾਨਸਿਕ ਤੌਰ 'ਤੇ ਦੀਵਾਲੀਆ ਹੋ ਕੇ ਨਹੀਂ ਜੀਅ ਸਕਦਾ। ਉਸ ਨੂੰ ਆਪਣੇ ਲੋਕਾਂ, ਆਪਣੇ ਪਸ਼ੂਆਂ, ਆਪਣੀ ਜ਼ਮੀਨ, ਆਪਣੇ ਦਰੱਖ਼ਤ, ਬੂਟਿਆਂ, ਆਪਣੇ ਟੋਭਿਆਂ, ਢਾਬਾਂ, ਛੱਪੜਾਂ, ਤਾਲਾਬਾਂ, ਆਪਣੇ ਖੇਤਾਂ ਲਈ ਕੋਈ ਨਾ ਕੋਈ ਵਿਵਸਥਾ ਬਣਾਉਣੀ ਹੀ ਪੈਂਦੀ ਹੈ, ਜਿਹੜੀ ਪ੍ਰੰਪਰਾਵਾਂ ਦੀ ਅੱਗ ਵਿੱਚੋਂ ਨਿੱਤਰ ਕੇ ਕੁੰਦਨ ਵੀ ਹੋਈ ਹੋਵੇ ਅਤੇ ਪਰਿਵਰਤਨਸ਼ੀਲ ਸਮੇਂ ਦੇ ਚੱਕੇ 'ਤੇ ਖਰੀ ਵੀ ਉੱਤਰ ਸਕੇ। ਮਹਾਤਮਾ ਗਾਂਧੀ ਕਿਹਾ ਕਰਦੇ ਸਨ,''ਆਉਣ ਵਾਲੀਆਂ ਨਸਲਾਂ ਦੇ ਹਿੱਤਾਂ ਬਾਰੇ ਸੋਚੇ ਸਮਝੇ ਬਿਨਾਂ ਧਰਤੀ ਨੂੰ ਖ਼ਾਤਮੇ ਦੇ ਕੰਢੇ 'ਤੇ ਪਹੁੰਚਾ ਦੇਣਾ ਵੀ ਸ਼ਰੇਆਮ ਹਿੰਸਾ ਦਾ ਹੀ ਪ੍ਰਦਰਸ਼ਨ ਹੈ।'' ਬੇਸ਼ੱਕ ਸੰਸਾਰ ਦੀਆਂ ਸਾਰੀਆਂ ਕਿਤਾਬਾਂ ਵਿੱਚ ਹਮੇਸ਼ਾ ਇਹੋ ਪੜ੍ਹਾਇਆ ਜਾਂਦਾ ਹੈ ਕਿ ਸਭਿਅਤਾਵਾਂ ਦਾ ਵਿਕਾਸ ਹਮੇਸ਼ਾ ਮਿੱਠੇ ਜਲ ਸੋਮਿਆਂ ਦੇ ਕੰਢਿਆਂ ਉੱਤੇ ਹੀ ਹੋਇਆ। ਜੇਕਰ ਅੱਜ ਅਸੀਂ ਚਾਰੋ ਪਾਸੇ ਨਜ਼ਰ ਮਾਰ ਕੇ ਵੇਖੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਕਾਸ ਕਿਹੜੇ ਜਲ ਸੋਮਿਆਂ ਦੇ ਕੰਢਿਆਂ 'ਤੇ ਹੋਵੇਗਾ? ਇਹ ਗੱਲ ਤਾਂ ਹੁਣ ਪੁਰਾਣੀ ਹੋ ਚੁੱਕੀ ਹੈ ਜਦੋਂ ਅਸੀਂ ਜੰਗਲਾਂ, ਨਦੀਆਂ ਦੇ 'ਵਾਰਿਸ' ਸੀ, ਅੱਜ ਤਾਂ ਅਸੀਂ ਸਿਰਫ਼ 'ਬੀਆਬਾਨਾਂ ਦੇ 'ਰਾਹ' ਹੀ ਦਿਸਦੇ ਹਾਂ।

ਸੁਰਿੰਦਰ ਬਾਂਸਲ

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making Talab in Punjab

Posted by
Get the latest news on water, straight to your inbox
Subscribe Now
Continue reading